"Never doubt that even a small group of thoughtful, committed, citizens can change the World." — Margaret Mead

Tuesday, December 10, 2013

ਸੰਮੇਲਨ ਦੀ ਸਫਲਤਾ 'ਤੇ ਬਾਦਲ ਨੇ ਦਿੱਤਾ 'ਭਾਗ ਪੰਜਾਬ ਭਾਗ' ਦਾ ਨਵਾਂ ਨਾਅਰਾ

ਮੋਹਾਲੀ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੌਰਾਨ ਦੇਸ਼-ਵਿਦੇਸ਼ ਦੀਆਂ 117 ਕੰਪਨੀਆਂ ਵਲੋਂ 65 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਪ੍ਰਗਟਾਈ ਗਈ ਵਚਨਬੱਧਤਾ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਸਮਝੌਤਿਆਂ ਨੂੰ ਪੂਰਾ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਰਕਾਰ ਇਹ ਯਤਨ ਕਰ ਰਹੀ ਹੈ ਕਿ ਪੰਜਾਬ ਦੇਸ਼ ਦਾ ਹੀ ਨਹੀਂ, ਸਗੋਂ ਵਿਸ਼ਵ ਦਾ ਨੰਬਰ 1 ਰਾਜ ਬਣ ਕੇ ਸਾਹਮਣੇ ਆਵੇ। 

ਮੁੱਖ ਮੰਤਰੀ ਨੇ ਪੰਜਾਬ ਦੇ ਪ੍ਰਸਿੱਧ ਦੌੜਾਕ ਮਿਲਖਾ ਸਿੰਘ 'ਤੇ ਬਣੀ ਫਿਲਮ 'ਭਾਗ ਮਿਲਖਾ ਭਾਗ' 'ਤੇ ਆਧਾਰਿਤ ਇਕ ਨਵਾਂ ਨਾਅਰਾ 'ਭਾਗ ਪੰਜਾਬ ਭਾਗ' ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਊਰਜਾ ਨਾਲ ਭਰੇ ਹੋਏ ਹਨ ਅਤੇ ਇਹ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਕ ਨਾਅਰਾ ਦਿੱਤਾ ਹੈ ਅਤੇ ਕਿਹਾ 'ਕੈਰੀ ਆਨ ਜੱਟਾ' ਅਤੇ ਅਗਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਵਿਸ਼ਵ ਦਾ ਨੰਬਰ 1 ਰਾਜ ਬਣਾ ਦਿੱਤਾ ਜਾਵੇਗਾ। 

ਫਾਈਲ ਸਿਸਟਮ ਨੂੰ ਬੰਦ ਕਰਨ ਦੀ ਜ਼ਰੂਰਤ : ਪ੍ਰਕਾਸ਼ ਸਿੰਘ ਬਾਦਲ ਨੇ ਫਾਈਲ ਸਿਸਟਮ ਨੂੰ ਸਭ ਤੋਂ ਗੰਦਾ ਸਿਸਟਮ ਦੱਸਦੇ ਹੋਏ ਕਿਹਾ ਕਿ ਇਸ ਨੂੰ ਜਿੰਨੀ ਜਲਦੀ ਹੋ ਸਕੇ ਦੇਸ਼ ਭਰ ਵਿਚ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਵਧਾਵਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੀ ਇਸ ਸਿਸਟਮ ਨੂੰ ਪੰਜਾਬ ਦੀ ਨਕਲ ਕਰਦੇ ਹੋਏ ਬੰਦ ਕਰ ਦੇਣਾ ਚਾਹੀਦਾ ਹੈ। 


ਇਸ ਮੌਕੇ ਨੇਸ ਵਾਡੀਆ, ਆਈ. ਟੀ. ਸੀ. ਦੇ ਡਾਇਰੈਕਟਰ ਕੁਰੁਸ਼ ਗ੍ਰਾਂਟ, ਕਮਲ ਓਸਵਾਲ, ਰਾਜਿੰਦਰ ਗੁਪਤਾ, ਵਿਨੀਤ ਨਾਇਰ, ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਦੇ ਡੀਨ ਅਜੀਤ ਰੰਗਨੇਕਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸੁਰਜੀਤ ਸਿੰਘ ਰੱਖੜਾ, ਮੁੱਖ ਸੰਸਦੀ ਸਕੱਤਰ ਐੱਨ. ਕੇ. ਸ਼ਰਮਾ ਤੇ ਹੋਰ ਵੀ ਪਤਵੰਤੇ ਹਾਜ਼ਰ ਸਨ।

ਇਟਲੀ ਤੇ ਪੰਜਾਬ 'ਚ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ : ਡੈਨੀਅਲ

ਚੰਡੀਗੜ੍ਹ December 11, 2013 - ਖੇਤੀਬਾੜੀ ਅਤੇ ਸੂਰਜੀ ਊਰਜਾ 'ਚ ਹੋਵੇਗਾ ਇਟਲੀ ਅਤੇ ਪੰਜਾਬ ਦਾ ਮੇਲ। ਇਹ ਵਿਚਾਰ ਅੱਜ ਇੱਥੇ ਸੀ. ਆਈ. ਆਈ. 'ਚ ਪਹੁੰਚੇ ਵਫ਼ਦ ਨੇ ਵਿਚਾਰ ਚਰਚਾ ਸੈਸ਼ਨ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਦੇ ਰੂ-ਬਰੂ ਹੁੰਦਿਆਂ ਜ਼ਾਹਰ ਕੀਤੇ। ਇਟਲੀ ਦੇ ਰਾਜਦੂਤ ਡੈਨੀਅਲ ਮੰਕਿਨੀ ਨੇ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਇਟਲੀ ਦੀ ਤਕਨੀਕ ਲਈ ਪੰਜਾਬ 'ਚ ਅਪਾਰ ਸੰਭਾਵਨਾਵਾਂ ਹਨ। ਇਟਲੀ ਦੀਆਂ ਹਾਈਟੈੱਕ ਮਸ਼ੀਨਾਂ ਅਲਟਰਾ ਮਾਰਡਨ ਤਕਨੀਕ ਅਤੇ ਅਡਵਾਂਸ ਇਕੁਇਪਮੈਂਟ ਕਾਫ਼ੀ ਲਾਭਕਾਰੀ ਸਾਬਤ ਹੋ ਸਕਦੇ ਹਨ। ਇਨ੍ਹਾਂ ਦਾ ਪ੍ਰਯੋਗ ਪੰਜਾਬ 'ਚ ਸੂਰਜੀ ਊਰਜਾ ਅਤੇ ਖੇਤੀਬਾੜੀ ਖੇਤਰ 'ਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਇਟਲੀ ਵਿਚਕਾਰ ਜੁਆਇੰਟ ਵੈਂਚਰ ਹੋ ਸਕਦਾ ਹੈ। ਉੱਤਰੀ ਭਾਰਤ 'ਚ ਦੋਵੇਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਆਈ. ਸੀ. ਈ. ਇਟੈਲੀਅਨ ਟਰੇਡ ਏਜੰਸੀ ਦੇ ਭਰਤ ਰਘੂਵੰਸ਼ੀ, ਅੰਬੈਸੀ ਆਫ਼ ਇਟਲੀ ਦੇ ਪਹਿਲੇ ਕੌਂਸਲਰ ਕਾਰਮੇਲੇ ਬਾਰਬੇਰੇਲੋ, ਨਿਊ ਹਾਲੈਂਡ ਫ਼ੀਏਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰਮੁੱਖ ਗੌਰਵ ਸੂਦ ਅਤੇ ਸੀ. ਆਈ. ਆਈ. ਚੰਡੀਗੜ੍ਹ ਕੌਂਸਲ ਦੇ ਚੇਅਰਮੈਨ ਮਨਮੋਹਨ ਸਿੰਘ ਨੇ ਵੀ ਕਾਰੋਬਾਰੀ ਸਹਿਯੋਗ 'ਤੇ ਵਿਚਾਰ ਪੇਸ਼ ਕੀਤੇ।

Monday, December 9, 2013

ਫਿਲੀਪਾਈਨ 'ਚ ਗ੍ਰਿਫਤਾਰ ਬੱਬੂ ਮਾਨ ਅਤੇ ਸਾਥੀ ਰਿਹਾਅ


ਮਨੀਲਾ - ਫਿਲਪਾਈਨ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੰਜਾਬ ਦੇ ਚਰਚਿਤ ਗਾਇਕ ਬੱਬੂ ਮਾਨ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਦੇ ਅੱਗ ਵਾਂਗੂੰ ਫੈਲ ਜਾਣ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਖਬਰ ਸੀ ਕਿ ਬੱਬੂ ਮਾਨ ਨੂੰ ਫਿਲੀਪਾਈਨ ਵਿਚ ਉਸ ਦੇ 15 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਯੋਲਾਂਡਾ ਦੇ ਪੀੜਤਾਂ ਲਈ ਫੰਡ ਇਕੱਠਾ ਕਰਨ ਵਾਸਤੇ ਇਕ ਚੈਰਿਟੀ ਸ਼ੋਅ ਕਰਨ ਲਈ ਫਿਲਪਾਈਨ ਵਿਚ ਗਏ ਸਨ। ਉੱਥੇ 4 ਦਸੰਬਰ ਨੂੰ ਆਪਣਾ ਸ਼ੋਅ ਸਮਾਪਤ ਕਰਨ ਤੋਂ ਬਾਅਦ ਫਿਲਪਾਈਨ ਦੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੰਗੀਤ ਮੰਡਲੀ 'ਚ ਸ਼ਾਮਲ 15 ਹੋਰ ਭਾਰਤੀ ਮੈਂਬਰਾਂ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ। ਬੱਬੂ ਮਾਨ ਦੇ ਗਰੁੱਪ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਦੌਰੇ ਨਾਲ ਸੰਬੰਧਤ ਸਾਰੇ ਕਾਗਜ਼ਾਤ ਸਨ ਅਤੇ ਪੱਤਰ ਵਿਭਾਗ ਦੇ ਅਧਿਕਾਰੀਆਂ ਨੂੰ ਪੇਸ਼ ਕਰ ਦਿੱਤੇ ਸੀ ਪਰ ਜਦੋਂ ਬੱਬੂ ਦੇ ਟੀਮ ਮੈਨੇਜਰ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਕ ਜਾਂਚ ਕੇਂਦਰ ਵਿਚ ਢੱਕ ਦਿੱਤਾ।
ਬੱਬੂ ਮਾਨ ਨੇ ਇਸ ਸੰਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੁੱਛ-ਗਿੱਛ ਕੇਂਦਰ ਵਿਚ ਸਮਰੱਥਾ ਤੋਂ ਵੱਧ ਲੋਕ ਬੰਦ ਹਨ ਅਤੇ ਉਨ੍ਹਾਂ ਨੂੰ ਫਰਸ਼ 'ਤੇ ਸੌਂਣਾ ਪਿਆ। ਜੇਲ ਵਿਚ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ। ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੇ ਟੂਰ ਕੀਤੇ ਹਨ ਪਰ ਅਜਿਹਾ ਸਲੂਕ ਪਹਿਲੀ ਵਾਰ ਫਿਲਪਾਈਨ ਵਿਚ ਹੋਇਆ ਹੈ। ਇਸ ਲਈ ਉਹ ਭਵਿੱਖ ਵਿਚ ਕਦੇ ਵੀ ਫਿਲਪਾਈਨ ਵਿਚ ਪ੍ਰੋਗਰਾਮ ਨਹੀਂ ਕਰਨਗੇ।