ਕਪੂਰਥਲਾ, 17 ਜੂਨ - ਫਿਲਪਾਈਨਜ਼ ਗਏ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਦੋ ਨੌਜਵਾਨਾਂ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਿੱਤੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿਲਵਾਂ ਅਧੀਨ ਪੈਂਦੇ ਪਿੰਡ ਜਾਤੀਕੇ ਦਾ ਸੁਰਿੰਦਰ ਸਿੰਘ ਛਿੰਦੂ ਉਮਰ 35 ਸਾਲ ਕਰੀਬ ਤਿੰਨ ਮਹੀਨੇ ਪਹਿਲਾਂ ਫਿਲਪਾਈਨਜ਼ ਗਿਆ ਸੀ ਦੀ ਅੱਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੇ ਭਰਾ ਮਹਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਛਿੰਦੂ ਆਪਣੇ ਪਿੱਛੇ ਵਿਧਵਾ ਪਤਨੀ, ਇੱਕ ਲੜਕੀ ਅਤੇ ਇੱਕ ਲੜਕਾ ਛੱਡ ਗਿਆ ਹੈ | ਇਸੇ ਤਰ੍ਹਾਂ ਕਪੂਰਥਲਾ ਨੇੜਲੇ ਪਿੰਡ ਲੱਖਣ ਕੇ ਪੱਡਾ ਵਾਸੀ ਨੌਜਵਾਨ ਦੀ ਮਨੀਲਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਕੁਲਵਿੰਦਰ ਸਿੰਘ ਪੱਡਾ ਉਰਫ਼ ਮਿੰਦੀ ਪੱਡਾ ਪੁੱਤਰ ਸੰਤੋਖ ਸਿੰਘ 1995 ਵਿਚ ਰੋਜ਼ੀ ਰੋਟੀ ਦੀ ਭਾਲ ਵਿਚ ਮਨੀਲਾ ਗਿਆ ਸੀ ਤੇ ਉੱਥੇ ਜਾ ਕੇ ਉਸਨੇ ਫਾਈਨਾਂਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ | ਕੁਲਵਿੰਦਰ ਸਿੰਘ ਦੀ ਬਜ਼ੁਰਗ ਮਾਂ ਪਿਆਰ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ ਸਾਢੇ ਪੰਜ ਵਜੇ ਉਨ੍ਹਾਂ ਨੂੰ ਮਨੀਲਾ ਤੋਂ ਕਿਸੇ ਰਿਸ਼ਤੇਦਾਰ ਨੇ ਫੋਨ ਰਾਹੀਂ ਕੁਲਵੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੀ ਘਟਨਾ ਬਾਰੇ ਦੱਸਿਆ | ਦੱਸਣ ਅਨੁਸਾਰ ਕੁਲਵਿੰਦਰ ਸਿੰਘ ਸਵੇਰੇ ਗੱਡੀ ਰਾਹੀਂ ਇਕ ਆਦਮੀ ਤੇ ਇਕ ਲੜਕੀ ਨਾਲ ਜਾ ਰਿਹਾ ਸੀ ਕਿ ਕਿਸੇ ਥਾਂ ਗੱਡੀ ਰੁਕਣ ਮੌਕੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ ਅੰਨੇਵਾਹ ਗੋਲੀਆਂ ਵਰ੍ਹਾ ਦਿੱਤੀਆਂ | ਹਮਲੇ ਵਿਚ ਕੁਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠੀ ਲੜਕੀ ਇਕ ਗੋਲੀ ਵੱਜਣ ਨਾਲ ਜ਼ਖਮੀ ਹੋ ਗਈ | ਕੁਲਵਿੰਦਰ ਸਿੰਘ ਮਨੀਲਾ ਵਿਚ ਆਪਣੀ ਪਤਨੀ ਨਵਜੋਤ ਕੌਰ ਤੇ ਦੋ ਸਾਲਾ ਬੇਟੀ ਅਵਨੀਤ ਕੌਰ ਨਾਲ ਰਹਿ ਰਿਹਾ ਸੀ |