ਨਵੀਂ ਦਿੱਲੀ, 1 ਨਵੰਬਰ - ਪੰਜਾਬੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਢਾਲਾ ਨੇ ਪੰਜਾਬ 'ਚ ਧੋਖੇ ਨਾਲ ਕਰਵਾਏ ਗਏ ਵਿਆਹਾਂ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਮਦਦ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਨੂੰ ਇਕ ਸੰਸਥਾ 'ਡਰੀਮਜ਼ ਆਫ ਯੂ' ਵਲੋਂ ਚਲਾਇਆ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਅਜਿਹੇ ਵਿਆਹਾਂ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਮਦਦ ਕਰਨਾ ਅਤੇ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੋਵੇਗਾ। ਢਾਲਾ, ਜੋ ਕਿ ਕੈਨੇਡਾ 'ਚ ਪਹਿਲੀ ਸਿੱਖ ਮੂਲ ਦੀ ਸੰਸਦ ਮੈਂਬਰ ਸੀ, ਨੇ ਕਿਹਾ ਕਿ ਉਸ ਨੂੰ ਆਪਣੇ ਭਾਰਤੀ ਦੌਰੇ ਦੌਰਾਨ ਇਸ ਤਰਾਂ ਦੀਆਂ ਕਈ ਔਰਤਾਂ ਮਿਲੀਆਂ, ਜੋ ਇਸ ਤਰਾਂ ਦੇ ਝੂਠੇ ਵਿਆਹਾਂ ਦਾ ਸ਼ਿਕਾਰ ਬਣੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮੈ 2009 'ਚ ਪੰਜਾਬ ਆਈ ਤਾਂ ਮੈ ਇਸ ਤਰਾਂ ਦੀਆਂ ਔਰਤਾਂ ਨੂੰ ਮਿਲਣ ਲਈ ਇਕ ਸਮਾਗਮ ਕਰਵਾਉਣ ਨੂੰ ਕਿਹਾ, ਅਤੇ ਮੈ ਸੋਚਿਆ ਕਿ ਸਿਰਫ 15 ਜਾ 20 ਔਰਤਾਂ ਹੀ ਸਮਾਗਮ 'ਚ ਆਉਣਗੀਆਂ, ਪ੍ਰੰਤੂ ਮੈ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਹਾਲ 'ਚ ਵੀ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਬੈਠੀਆਂ ਸਨ ਅਤੇ ਸੈਂਕੜੇ ਔਰਤਾਂ ਦੀ ਬਾਹਰ ਲਾਈਨ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਹੀ ਮੈ ਇਹ ਫੈਸਲਾ ਕੀਤਾ ਸੀ ਕਿ ਮੈ ਇਨ੍ਹਾਂ ਔਰਤਾਂ ਦੀ ਮਦਦ ਕਰਾਂਗੀ। ਉਨ੍ਹਾਂ ਕਿਹਾ ਕਿ ਉਕਤ ਔਰਤਾਂ ਦਾ ਜੀਵਨ ਜੀਊਣਾ ਬਹੁਤ ਔਖਾ ਹੈ, ਨਾ ਉਹ ਇਧਰ ਦੀਆਂ ਰਹਿੰਦੀਆਂ ਹਨ ਤੇ ਨਾ ਉਹ ਉਧਰ ਦੀਆਂ, ਅਤੇ ਅਜਿਹੀਆਂ ਔਰਤਾਂ ਲਈ ਆਪਣੇ ਸਹੁਰਿਆਂ ਅਤੇ ਮਾਪਿਆਂ ਦੇ ਨਾਲ ਰਹਿਣਾ ਔਖਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਲੋਂ ਵਿਆਹ ਦੇ ਰਜਿਸਟ੍ਰੇਸ਼ਨ ਲਈ ਜਾਗਰੂਕਤਾ ਫੈਲਾਉਣਾ, ਐਨ. ਆਰ. ਆਈ. ਵਿੰਗ ਦੀ ਸਥਾਪਨਾ ਅਤੇ ਅਜਿਹੇ ਮਾਮਲੇ 'ਚ ਫਸੀਆਂ ਔਰਤਾਂ ਨੂੰ ਹਰ ਤਰਾਂ ਦੀ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾਵੇਗੀ। ਢਾਲਾ ਨੇ ਕਿਹਾ ਕਿ ਭਾਵੇਂ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ 'ਚ ਪਹਿਲਾਂ ਹੋ ਚੁੱਕੀ ਹੈ, ਪ੍ਰੰਤੂ ਉਹ ਇਸ ਮੁਹਿੰਮ ਨੂੰ ਸਾਰੇ ਭਾਰਤ 'ਚ ਲੈ ਕੇ ਜਾਣਾ ਚਾਹੁੰਦੀ ਹੈ। ਇਸ ਮੌਕੇ ਗਾਇਕ ਹਨੀ ਸਿੰਘ ਨੇ ਵੀ ਸ਼ਿਰਕਤ ਕੀਤੀ।
No comments:
Post a Comment