ਟੋਰਾਂਟੋ, 29 ਮਈ (ਪੋਸਟ ਬਿਊਰੋ) : ਹਿੱਪ ਹਾਪ ਕਲਾਕਾਰ ਕੇ’ਨਾਨ, ਐਮਪੀ ਓਲੀਵਿਆ ਚਾਓ, ਓਲੰਪਿਕ ਕੁਸ਼ਤੀ ਚੈਂਪੀਅਨ ਡੈਨੀਅਲ ਇਗਾਲੀ ਤੇ ਕੈਨੇਡਾ ਭਰ ਵਿੱਚੋਂ ਕਈ ਹੋਰ ਕਮਿਊਨਿਟੀ ਆਗੂਆਂ ਨੂੰ ਕੈਨੇਡਾ ਦੇ 25 ਉੱਤਮ ਪਰਵਾਸੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਚੌਥੇ ਸਲਾਨਾ ਸਰਬਉੱਚ 25 ਕੈਨੇਡੀਅਨ ਪਰਵਾਸੀਆਂ ਨੂੰ ਇਹ ਐਵਾਰਡ ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਵੱਲੋਂ ਦਿੱਤੇ ਗਏ ਤੇ ਇਨ੍ਹਾਂ ਨੂੰ ਸਪਾਂਸਰ ਆਰਬੀਸੀ ਨੇ ਕੀਤਾ। ਵਿਦੇਸ਼ਾਂ ਤੋਂ ਕੈਨੇਡਾ ਆ ਵੱਸੇ ਇਨ੍ਹਾਂ ਕੈਨੇਡੀਅਨਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਤੇ ਇਨ੍ਹਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਦਾ ਇਹ ਐਵਾਰਡ ਦੇਣ ਸਮੇਂ ਖਾਸ ਖਿਆਲ ਰੱਖਿਆ ਜਾਂਦਾ ਹੈ। 28,000 ਤੋਂ ਵੀ ਵੱਧ ਕੈਨੇਡੀਅਨਾਂ ਨੇ ਇਸ ਐਵਾਰਡ ਲਈ ਆਨਲਾਈਨ ਆਪਣੀ ਪਸੰਦ ਦੱਸੀ। ਇਹ ਪ੍ਰੋਗਰਾਮ 2009 ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਉਮੀਦਵਾਰ ਚੁਣਨ ਲਈ ਸੱਭ ਤੋਂ ਵੱਧ ਲੋਕਾਂ ਨੇ ਆਨਲਾਈਨ ਆਪਣੀ ਪਸੰਦ ਦਰਜ ਕਰਵਾਈ। ਐਵਾਰਡ ਲਈ ਨਾਮਜਦ ਹਸਤੀਆਂ ਨੂੰ 29 ਮਈ ਨੂੰ ਟੋਰਾਂਟੋ ਵਿੱਚ ਤੇ 5 ਜੂਨ ਨੂੰ ਵੈਨਕੂਵਰ ਵਿੱਚ ਸਨਮਾਨਿਤ ਕੀਤਾ ਜਾਵੇਗਾ। ਕੈਨੇਡੀਅਨ ਇਮੀਗ੍ਰੈਂਟ ਮੈਗਜ਼ੀਨ ਦੀ ਸੰਪਾਦਕ ਮਾਰਗਰੈਟ ਜੇਟੇਲੀਨਾ ਨੇ ਆਖਿਆ ਕਿ ਭਾਵੇਂ ਇਹ ਸਾਡੇ ਚੌਥੇ ਸਲਾਨਾ ਐਵਾਰਡ ਹਨ ਪਰ ਕੈਨੇਡਾ ਵਿੱਚ ਆ ਕੇ ਆਪਣਾ ਯੋਗਦਾਨ ਪਾਉਣ ਵਾਲੇ ਪਰਵਾਸੀਆਂ ਨੂੰ ਜਿੰਨਾ ਸਨਮਾਨਿਤ ਕਰ ਲਿਆ ਜਾਵੇ ਓਨਾ ਘੱਟ ਹੈ। ਪੇਸੇ਼ਵਰ ਖਿਡਾਰੀਆਂ, ਕਲਾਕਾਰਾਂ, ਸਿਆਸਤਦਾਨਾਂ, ਉੱਦਮੀਆਂ ਤੋਂ ਲੈ ਕੇ ਫਿਲੈਨਥਰੌਪਿਸਟਸ ਤੇ ਕਮਿਊਨਿਟੀ ਕਾਰਕੁੰਨਾਂ ਤੱਕ 25 ਉੱਤਮ ਪਰਵਾਸੀ ਨਾ ਸਿਰਫ ਸਾਰੇ ਇਮੀਗ੍ਰੈਂਟਸ ਲਈ ਸਗੋਂ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਲਈ ਵੀ ਆਦਰਸ਼ ਹਨ। ਇਨ੍ਹਾਂ 25 ਉੱਤਮ ਪਰਵਾਸੀਆਂ ਵਿੱਚ ਤਿੰਨ ਪੰਜਾਬੀ, ਕੇਹਰ ਸਿੰਘ ਔਜਲਾ, ਜਗਜੀਤ ਸਿੰਘ ਹੰਸ (ਟਾਈਗਰਜੀਤ ਸਿੰਘ) ਤੇ ਸਤੀਸ਼ ਠੱਕਰ ਸ਼ਾਮਲ ਹਨ।
No comments:
Post a Comment