ਮਾਮਲਾ ਇਮੀਗ੍ਰੇਸ਼ਨ ਦੇ 2008 ਤੋਂ ਪਹਿਲਾਂ ਵਾਲੇ ਕੇਸਾਂ ਦਾ
ਟੋਰਾਂਟੋ, 2 ਜੁਲਾਈ - ਆਪਣੀ ਯੋਗਤਾ ਦੇ ਆਧਾਰ 'ਤੇ ਕੈਨੇਡਾ ਦੀ ਇੰਮੀਗ੍ਰੇਸ਼ਨ ਅਪਲਾਈ ਕਰਕੇ ਵੀਜੇ ਦੀ ਉਡੀਕ ਕਰ ਰਹੇ ਉਨ੍ਹਾਂ ਲੋਕਾਂ ਲਈ ਇਹ ਖ਼ਬਰ ਉਦਾਸ ਕਰਨ ਵਾਲੀ ਹੈ ਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੀਆਂ ਗਈਆ ਤਾਜ਼ਾ ਹਦਾਇਤਾਂ ਅਨੁਸਾਰ ਸਕਿੱਲਡ ਵਰਕਰਜ਼ ਕੈਟੇਗਰੀ ਹੇਠ 27 ਫਰਵਰੀ 2008 ਤੋਂ ਪਹਿਲਾਂ ਅਪਲਾਈ ਕੀਤੇ ਹੋਏ ਕੇਸ ਫੀਸ ਸਮੇਤ ਵਾਪਿਸ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਭਾਗ ਵੱਲੋਂ 29 ਜੂਨ 2012 ਨੂੰ ਅਪ੍ਰੇਸ਼ਨਲ ਬੁਲੇਟਿਨ 442 ਜਾਰੀ ਕੀਤਾ ਗਿਆ ਹੈ ਜਿਸ ਵਿਚ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ 29 ਜੂਨ ਤੋਂ ਹੀ ਉਪਰੋਕਤ ਕੇਸਾਂ ਦੀਆਂ ਫਾਇਲਾਂ ਬੰਦ ਕਰਕੇ ਅਰਜ਼ੀਕਰਤਾਵਾਂ ਨੂੰ ਫੀਸ ਰਿਫੰਡ ਕਰਨ ਦੀ ਹਦਾਇਤ ਦਿੱਤੀ ਗਈ ਹੈ। ਬੁਲੇਟਿਨ ਅਨੁਸਾਰ ਜਿਨ੍ਹਾਂ ਕੇਸਾਂ ਬਾਰੇ ਕੈਨੇਡਾ ਦੇ ਵੀਜ਼ਾ ਅਫਸਰਾਂ ਵੱਲੋਂ 29 ਮਾਰਚ 2012 ਤੋਂ ਪਹਿਲਾਂ ਅਰਜ਼ੀਕਰਤਾਵਾਂ ਦੇ ਸਕਿੱਲਡ ਵਰਕਰ ਵਜੋਂ ਯੋਗ ਹੋਣ ਬਾਰੇ ਨਿਰਣਾ ਨਹੀਂ ਲਿਆ ਗਿਆ ਉਹ ਸਾਰੇ ਕੇਸ ਬੰਦ ਕਰ ਦਿੱਤੇ ਜਾਣੇ ਹਨ। ਜਿਨ੍ਹਾਂ ਲੋਕਾਂ ਦੀ ਯੋਗਤਾ 29 ਮਾਰਚ 2012 ਤੋਂ ਪਹਿਲਾਂ ਨਿਰਧਾਰਤ ਹੋ ਚੁੱਕੀ ਸੀ ਉਨ੍ਹਾਂ ਦੇ ਕੇਸ ਵਾਪਿਸ ਨਹੀਂ ਕੀਤੇ ਜਾਣਗੇ ਅਤੇ ਆਖਰੀ ਫੈਸਲਾ ਹੋਣ ਤੱਕ ਕੇਸ ਚਲਦਾ ਰਹੇਗਾ ਪਰ ਜਿਨ੍ਹਾਂ ਕੇਸਾਂ ਦੀ ਯੋਗਤਾ 29 ਮਾਰਚ 2012 ਤੋਂ ਬਾਅਦ ਨਿਰਧਾਰਤ ਕੀਤੀ ਗਈ ਪਰ 29 ਜੂਨ 2012 ਤੋਂ ਪਹਿਲਾਂ ਆਖਰੀ ਫੈਸਲਾ ਨਹੀਂ ਲਿਆ ਜਾ ਸਕਿਆ ਉਹ ਸਾਰੇ ਕੇਸ ਵੀ ਬੰਦ ਕਰਕੇ ਫੀਸਾਂ ਮੋੜ ਦਿੱਤੀਆਂ ਜਾਣਗੀਆਂ। ਫੀਸ ਵਾਪਿਸ ਕਰਨ ਤੋਂ ਪਹਿਲਾਂ ਦੂਤ ਘਰ ਵੱਲੋਂ ਅਰਜ਼ੀਕਰਤਾਵਾਂ ਨੂੰ ਇਸ ਬਾਰੇ ਚਿੱਠੀਆਂ ਰਾਹੀਂ ਸੂਚਿਤ ਕੀਤਾ ਜਾਵੇਗਾ। ਚਿੱਠੀ ਦਾ ਜਵਾਬ ਭਾਵ ਪਤੇ ਆਦਿਕ ਦੀ ਦਰੁਸਤੀ ਮਿਲਣ ਤੋਂ ਬਾਅਦ ਦੂਤ ਘਰ ਵਲੋਂ ਫੀਸ ਮੋੜੀ ਜਾਵੇਗੀ। ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰਾਲੇ ਵਿਰੁੱਧ ਹਜ਼ਾਰਾਂ ਪੰਜਾਬੀਆਂ ਸਮੇਤ ਸੰਸਾਰ ਭਰ ਦੇ ਤਕਰੀਬਨ ਪੌਣੇ ਤਿੰਨ ਲੱਖ (ਨਿਰਾਸ਼) ਅਰਜੀਕਰਤਾਵਾਂ ਨੇ ਆਪੋ-ਆਪਣੇ ਵਸੀਲੇ ਨਾਲ ਇੰਮੀਗ੍ਰੇਸ਼ਨ ਐਂਡ ਰਫਿਊਜ਼ੀ ਪ੍ਰੋਟੈਕਸ਼ਨ ਐਕਟ ਦੀ ਧਾਰਾ 87.4 ਤਹਿਤ ਕਾਨੂੰਨੀ ਚਾਰਾਜੋਈ ਕੀਤੀ ਹੈ। ਇਸ ਕਰਕੇ ਵਾਪਸ ਕੀਤੇ ਜਾ ਰਹੇ ਕੇਸਾਂ ਦੀਆਂ ਫਾਈਲਾਂ ਅਤੇ ਦਸਤਾਵੇਜ਼ ਕੈਨੇਡਾ ਦਾ ਇੰਮੀਗ੍ਰੇਸ਼ਨ ਵਿਭਾਗ ਘੱਟ ਤੋਂ ਘੱਟ ਅਗਲੇ ਦੋ ਸਾਲ ਸੰਭਾਲ ਕੇ ਰੱਖੇਗਾ ਤਾਂ ਜੋ ਅਦਾਲਤ ਦੇ ਫੈਸਲੇ ਅਨੁਸਾਰ ਕੇਸ ਮੁੜ ਖੋਲ੍ਹਣ ਵਿਚ ਰੁਕਾਵਟ ਨਾ ਪਵੇ।
No comments:
Post a Comment