ਲੰਡਨ, 8 ਅਪ੍ਰੈਲ - ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਨਿਵਾਸ ਅਸਥਾਨ 10 ਡਾਊਨਿੰਗ ਸਟਰੀਟ 'ਤੇ ਵਿਸਾਖੀ ਸਬੰਧੀ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਯੂ. ਕੇ. ਭਰ 'ਚੋਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ ਭਾਰਤੀ ਹਾਈ ਕਮਿਸ਼ਨ ਲੰਡਨ ਰੰਜਨ ਮਿਥਾਈ, ਲਾਰਡ ਸਵਰਾਜ ਪਾਲ, ਲਾਰਡ ਨਵਨੀਤ ਢੋਲਕੀਆ ਡਿਪਟੀ ਲੀਡਰ ਲਿਬਰਲ ਡੈਮੋਕ੍ਰੇਟਿਕ, ਡਾ: ਰੰਮੀ ਰੇਂਜਰ, ਸਿੱਖ ਕੌਾਸਲ ਦੇ ਗੁਰਮੇਲ ਸਿੰਘ ਕੰਧੋਲਾ, ਦਵਿੰਦਰ ਸਿੰਘ ਸ਼ਿੰਦੀ ਏ ਵੰਨ ਪ੍ਰਧਾਨ ਗ੍ਰੇਵਜ਼ੈਂਡ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਜਿੰਦਰ ਸਿੰਘ ਪੁਰੇਵਾਲ (ਪੰਜਾਬ ਟਾਈਮਜ਼), ਗੁਰਪਾਲ ਸਿੰਘ ਉੱਪਲ ਤੇ ਹਿੰਮਤ ਸਿੰਘ ਸੋਹੀ ਪ੍ਰਧਾਨ ਸਿੰਘ ਸਭਾ ਸਾਊਥਾਲ ਆਦਿ ਸ਼ਾਮਿਲ ਹੋਏ | ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਿੱਖਾਂ ਦੀ ਬਰਤਾਨੀਆ ਲਈ ਬਹੁਤ ਵੱਡੀ ਦੇਣ ਹੈ | ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਨ ਵਾਲੇ ਸਿੱਖਾਂ ਨੂੰ ਦਸਤਾਰ ਪਹਿਨ ਕੇ ਕੰਮ ਕਰਨ ਦੀ ਆਗਿਆ ਹੋਵੇਗੀ ਅਤੇ ਉਨ੍ਹਾਂ ਨੂੰ ਲੋਹ ਟੋਪ (ਸਖ਼ਤ ਸੁਰੱਖਿਅਤ ਟੋਪੀ) ਪਹਿਨਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਬਰਤਾਨੀਆ 'ਚ ਸਿੱਖਾਂ ਦੀ ਦਸਤਾਰ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਹਵਾਈ ਅੱਡਿਆਂ 'ਤੇ ਹੱਥਾਂ ਨਾਲ ਦਸਤਾਰ ਦੀ ਤਲਾਸ਼ੀ ਨਹੀਂ ਲਈ ਜਾਂਦੀ | ਉਨ੍ਹਾਂ ਕਿਹਾ ਕਿ ਸਿੱਖ ਬਰਤਾਨਵੀਆਂ ਲਈ ਰੋਲ ਮਾਡਲ ਹਨ | ਉਨ੍ਹਾਂ ਕਿਹਾ ਕਿ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਯਾਤਰਾ ਉਹ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ, ਉੱਥੇ ਉਨ੍ਹਾਂ ਨੂੰ ਸ਼ਾਂਤੀ ਅਤੇ ਚੈਨ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਜੂਨ 1984 ਦਾ ਸਾਕਾ ਨੀਲਾ ਤਾਰਾ ਕਿੰਨਾ ਦੁਖਦਾਈ ਸੀ | ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਿੱਖਾਂ ਦੀ ਹਰ ਜਗ੍ਹਾ ਨੁਮਾਇੰਦਗੀ ਹੋਵੇ ਫੌਜ ਵਿਚ ਵੀ ਅਤੇ ਨਿਆਂ ਵਿਭਾਗਾਂ ਵਿਚ ਵੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ 160 ਵਰ੍ਹੇ ਪਹਿਲਾਂ ਜਦੋਂ ਪਹਿਲਾ ਸਿੱਖ ਬਰਤਾਨੀਆ ਵਿਚ ਆਇਆ ਸੀ, ਉਦੋਂ ਤੋਂ ਹੁਣ ਤੱਕ ਬਰਤਾਨਵੀ ਸਿੱਖਾਂ ਦਾ ਕਾਮਯਾਬੀ ਵਾਲਾ ਇਤਿਹਾਸ ਹੈ | ਉਨ੍ਹਾਂ ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 12 ਲੱਖ ਭਾਰਤੀਆਂ ਨੇ ਪਹਿਲੀ ਸੰਸਾਰ ਜੰਗ ਵਿਚ ਬਰਤਾਨੀਆ ਲਈ ਲੜਾਈ ਲੜੀ, ਜਿਨ੍ਹਾਂ ਵਿਚੋਂ ਬਹੁ-ਗਿਣਤੀ ਸਿੱਖਾਂ ਦੀ ਸੀ |
No comments:
Post a Comment