ਚੰਡੀਗੜ੍ਹ, 15 ਅਪ੍ਰੈਲ - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ. ਪੀ. ਪੀ.) ਖ਼ਤਮ ਹੋ ਚੁੱਕੀ ਹੈ | ਇਸ ਦੀ ਕੋਈ ਹੋਂਦ ਬਾਕੀ ਨਹੀਂ ਰਹੀ | ਉਨ੍ਹਾਂ ਪੰਜਾਬ ਭਰ ਦੇ ਆਪਣੇ ਸਮਰਥਕਾਂ ਤੇ ਪੀ. ਪੀ. ਪੀ. ਦੇ ਆਪਣੇ ਪੁਰਾਣੇ ਸਾਥੀਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਸੰਦੇਸ਼ ਭੇਜਿਆ ਹੈ ਕਿ ਮੈਂ ਤਾਂ ਹੁਣ ਬਠਿੰਡਾ ਹਲਕੇ ਤੋਂ ਲੋਕ ਸਭਾ ਦੀ ਚੋਣ ਕਾਂਗਰਸ ਟਿਕਟ 'ਤੇ ਲੜ ਰਿਹਾ ਹਾਂ | ਮੇਰਾ ਹੁਣ ਹੋਰ ਕਿਸੇ ਵੀ ਪਾਰਟੀ ਨਾਲ ਸਬੰਧ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਚੋਣ ਮੁਹਿੰਮ ਦੇ ਦੌਰਾਨ ਕਈ ਥਾਵਾਂ 'ਤੇ ਇਹ ਸਪੱਸ਼ਟ ਸਟੈਂਡ ਇਸ ਲਈ ਲੈਣਾ ਪੈ ਰਿਹਾ ਹੈ ਕਿਉਂਕਿ ਮੈਨੂੰ ਤਾਂ ਅਜੇ ਵੀ ਵੋਟਰ ਪੀ.ਪੀ.ਪੀ. ਦਾ ਉਮੀਦਵਾਰ ਹੀ ਸਮਝ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਮੈਨੂੰ ਨੁਕਸਾਨ ਪਹੁੰਚਾ ਸਕਦਾ ਹੈ | ਹੁਣ ਤਾਂ ਮੈਂ ਕਾਂਗਰਸ ਦੇ ਅਨੁਸ਼ਾਸਨ ਵਿਚ ਆਪਣੇ ਆਪ ਨੂੰ ਪਾਬੰਦ ਸਮਝ ਰਿਹਾ ਹਾਂ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ: ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਚਾਰ ਚੰਨ ਲਾਉਣ ਲਈ ਸਮਾਂ ਕੱਢ ਕੇ ਬਠਿੰਡੇ ਦੇ ਦੌਰੇ 'ਤੇ ਆਉਣਗੇ | ਮਨਪ੍ਰੀਤ ਸਿੰਘ ਬਾਦਲ ਦੀ ਇਹ ਵੀ ਇੱਛਾ ਹੈ ਕਿ ਸ: ਜਗਮੀਤ ਸਿੰਘ ਬਰਾੜ ਵਰਗਾ ਤੇਜ਼-ਤਰਾਰ ਕਾਂਗਰਸੀ ਆਗੂ ਵੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਠਿੰਡਾ ਜ਼ਰੂਰ ਆਉਣ |
No comments:
Post a Comment