ਵੈਨਕੂਵਰ, 9 ਅਪ੍ਰੈਲ - ਕੈਨੇਡਾ ਵਸਦੇ ਸਿੱਖਾਂ ਦੀ ਸ਼ਾਨ 'ਚ ਉਸ ਵੇਲੇ ਜ਼ਿਕਰਯੋਗ ਵਾਧਾ ਹੋਇਆ, ਜਦੋਂ ਬਰਨਬੀ ਦੇ ਬਜ਼ੁਰਗ ਸ: ਕੇਹਰ ਸਿੰਘ ਔਜਲਾ ਨੂੰ, 'ਸਿਟੀਜ਼ਨ ਆਫ਼ ਦੀ ਯੀਅਰ-2011' ਦੇ ਸਨਮਾਨ ਲਈ ਚੁਣਿਆ ਗਿਆ। ਬਰਨਬੀ ਦੇ ਹੁਣ ਤੱਕ ਦੇ ਇਤਿਹਾਸ 'ਚ ਅਜਿਹਾ ਸਨਮਾਨ ਪਹਿਲੀ ਵਾਰ ਕਿਸੇ ਸਿੱਖ ਤੇ ਦੱਖਣੀ ਏਸ਼ੀਆਈ ਆਵਾਸੀ ਨੂੰ ਦਿੱਤਾ ਜਾ ਰਿਹਾ ਹੈ। ਇਥੋਂ ਦੇ ਹਸਪਤਾਲ, ਆਰਟਸ ਸੈਂਟਰ, ਕੈਂਸਰ ਸੁਸਾਇਟੀ, ਸੇਵਾ ਫਾਊਂਡੇਸ਼ਨ ਤੋਂ ਇਲਾਵਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਸੁੱਖਸਾਗਰ, ਨਿਊਵੈਸਟ ਮਿਨਿਸਟਰ ਵਿਖੇ, ਅਣਥੱਕ ਵਲੰਟੀਅਰ ਵਜੋਂ ਸੇਵਾਵਾਂ ਨਿਭਾਅ ਰਹੇ ਸ: ਔਜਲਾ ਅੱਜਕਲ੍ਹ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸਰੋਤ ਬਣੇ ਹੋਏ ਹਨ। 17 ਅਪ੍ਰੈਲ 1933 ਨੂੰ ਪੰਜਾਬ 'ਚ ਜਲੰਧਰ ਨੇੜੇ ਪੈਂਦੇ ਪਿੰਡ ਜੈਤੇਵਾਲੀ 'ਚ ਜਨਮੇ ਕੇਹਰ ਸਿੰਘ ਨੇ ਸੰਨ 1950 'ਚ ਮੈਟ੍ਰਿਕ ਕਰਨ ਮਗਰੋਂ, ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕੋਲੇ ਦੀਆਂ ਖਾਨਾਂ 'ਚ ਨੌਕਰੀ ਕੀਤੀ ਤੇ ਸੇਵਾ-ਮੁਕਤ ਹੋਣ ਮਗਰੋਂ 1996 'ਚ ਕੈਨੇਡਾ ਆਪਣੇ ਸਪੁੱਤਰ ਕੋਲ ਆਉਣ ਮਗਰੋਂ ਵੀ ਖੇਤਾਂ 'ਚ ਅਤੇ ਸਕਿਉਰਿਟੀ ਅਧਿਕਾਰ ਵਜੋਂ ਕੰਮ ਕੀਤਾ। 7 9 ਸਾਲਾ ਸਿੱਖ ਬਜ਼ੁਰਗ ਨੂੰ 'ਸਿਟੀਜ਼ਨ ਆਫ਼ ਦੀ ਯੀਅਰ' ਚੁਣੇ ਜਾਣ ਬਾਰੇ ਬਰਨਬੀ ਦੇ ਮੇਅਰ ਡੈਰਿਕ ਕੌਰੀਜਨ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਹਰ ਸਾਲ, ਕਿਸੇ ਇਕ ਮਹਾਨ ਵਿਅਕਤੀ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ਅਤੇ ਸ: ਔਜਲਾ ਦੇ ਪ੍ਰਭਾਵਸ਼ਾਲੀ ਨਿਸ਼ਕਾਮ ਕੰਮਾਂ ਕਰਕੇ, ਉਨ੍ਹਾਂ ਦੀ ਚੋਣ ਬੇਹੱਦ ਸੌਖੀ ਰਹੀ ਤੇ ਪੁਰਸਕਾਰ 4 ਮਈ ਨੂੰ ਦਿੱਤਾ ਜਾਵੇਗਾ। ਕੈਨੇਡੀਅਨ ਸਿੱਖ ਬਜ਼ੁਰਗ ਨੇ ਨੌਜਵਾਨਾਂ ਨੂੰ ਨਸ਼ੇ ਤਿਆਗਣ, ਵਲੰਟੀਅਰ ਸੇਵਾ ਨਿਭਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਆਦਰਸ਼ ਜੀਵਨ ਜਾਚ' ਸਿੱਖਣ ਦਾ ਸੁਨੇਹਾ ਦਿੱਤਾ ਹੈ।
No comments:
Post a Comment