ਸਿਡਨੀ, ਮੈਲਬੌਰਨ, ਬ੍ਰਿਸਬੇਨ, 11 ਅਪ੍ਰੈਲ - ਸਿਡਨੀ ਵਿਚ ਇਸ ਵਾਰ ਹੋਈਆਂ ਸਿੱਖ ਖੇਡਾਂ ਜਿਸ ਵਿਚ ਦੂਰੋਂ-ਦੁਰੇਡਿਓਂ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਆਨੰਦ ਮਾਣਿਆ ਕਈ ਗੱਲਾਂ ਤੋਂ ਕਾਫੀ ਫਿੱਕੀਆਂ ਵੀ ਰਹੀਆਂ। ਇਸ ਵਾਰ ਸਿਲਵਰ ਜੁਬਲੀ ਮਨਾਈ ਗਈ ਸੀ, 25ਵੀਆਂ ਸਿੱਖ ਖੇਡਾਂ ਕਰਵਾ ਕੇ। ਇਥੋਂ ਦੇ ਸਿੱਖ ਭਾਈਚਾਰੇ ਵੱਲੋਂ ਪੂਰੇ ਆਸਟ੍ਰੇਲੀਆ ਵਿਚੋਂ ਇਕੱਠੇ ਹੋ ਕੇ ਇਹ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਭਾਈਚਾਰੇ ਸਮੇਤ ਗੋਰੇ ਲੋਕ ਵੀ ਇਨ੍ਹਾਂ ਨੂੰ ਬੜੇ ਉਤਸ਼ਾਹ ਨਾਲ ਦੇਖਦੇ ਹਨ। ਸਿਡਨੀ ਵਿਚ ਇਨ੍ਹਾਂ ਖੇਡਾਂ ਵਿਚ ਜਦੋਂ ਕਿ ਸਿਲਵਰ ਜੁਬਲੀ ਮਨਾਈ ਜਾ ਰਹੀ ਸੀ ਤੇ ਸਾਲ ਪਹਿਲਾਂ ਹੀ ਕਾਫੀ ਰੌਲਾ ਸੀ ਕਿ ਇਹ ਇਥੇ ਹੋ ਰਹੀਆਂ ਹਨ। ਕਈ ਕਮੀਆਂ ਕਾਫੀ ਰੜਕਦੀਆਂ ਰਹੀਆਂ ਜਿਨ੍ਹਾਂ ਵਿਚ ਪਹਿਲੇ ਦਿਨ ਪ੍ਰਬੰਧਕਾਂ ਵੱਲੋਂ ਲੰਗਰ ਦਾ ਸਹੀ ਪ੍ਰਬੰਧ ਨਹੀਂ ਸੀ। ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਖੇਡਾਂ ਕਰਵਾਉਣ ਵਾਲੀ ਕਮੇਟੀ ਨੇ ਖੇਡ ਸਪਾਂਸਰਾਂ ਜਿਨ੍ਹਾਂ ਨੇ ਖਾਣੇ ਆਦਿ ਦੇ ਸਟਾਲ ਲਗਾਉਣੇ ਸੀ ਉਨ੍ਹਾਂ ਦੇ ਦਬਾਅ ਹੇਠ ਪਾਣੀ ਤੇ ਲੰਗਰ ਗਰਾਊਂਡ ਵਿਚ ਸਮੇਂ ਸਿਰ ਨਹੀਂ ਆਉਣ ਦਿੱਤਾ। ਦੂਰੋਂ-ਦੂਰੋਂ ਆਏ ਖੇਡ ਪ੍ਰ੍ਰੇਮੀਆਂ ਜਿਨ੍ਹਾਂ ਵਿਚ ਬੱਚੇ, ਬੁੱਢੇ ਤੇ ਔਰਤਾਂ ਸਨ ਸਿਡਨੀ ਵਿਚ ਗਰਮ ਮੌਸਮ ਕਾਰਨ ਪਾਣੀ ਲੱਭਦੇ ਰਹੇ ਤੇ ਅਖੀਰ ਲੱਗੇ ਸਟਾਲਾਂ ਤੋਂ ਮਹਿੰਗੇ ਕੋਲਡ ਡਰਿੰਕ, ਪਾਣੀ ਦੀਆਂ ਬੋਤਲਾਂ ਤੇ ਖਾਣਾ ਖਰੀਦ ਕੇ ਖਾਂਦੇ ਰਹੇ। ਸਿੱਖ ਖੇਡਾਂ ਵਿਚ ਪਾਣੀ ਦੀ ਬੋਤਲ ਲਈ ਚਾਰ-ਚਾਰ ਡਾਲਰ ਤੱਕ ਖਰਚਣੇ ਪਏ । ਇਥੇ ਜਦੋਂ ਇਸ ਦਾ ਇਤਰਾਜ਼ ਕੀਤਾ ਗਿਆ ਤਾਂ ਅਗਲੇ ਦਿਨ ਕੁਝ ਸੁਧਾਰ ਨਜ਼ਰੀਂ ਪਿਆ। ਜਦੋਂ ਇਨ੍ਹਾਂ ਖੇਡਾਂ ਦਾ ਸਾਰੇ ਸਿਡਨੀ ਵਿਚ ਰੌਲਾ ਸੀ ਤਾਂ ਫਿਰ ਇਥੋਂ ਦੇ ਮੀਡੀਏ ਤੇ ਭਾਰਤੀ ਮੀਡੀਏ ਨੂੰ ਪੂਰੀ ਤਰ੍ਹਾਂ ਵਿਸਾਰਿਆ ਗਿਆ। ਇਕ, ਦੋ ਅਖਬਾਰਾਂ ਨੂੰ ਛੱਡ ਕੇ ਕਿਧਰੇ ਵੀ ਪ੍ਰਮੁੱਖ ਚੈਨਲਾਂ 'ਤੇ ਖੇਡਾਂ ਬਾਰੇ ਕੋਈ ਖਬਰ ਨਹੀਂ ਸੀ। ਏਨਾ ਪੈਸਾ ਲਗਾ ਕੇ ਪ੍ਰਬੰਧਕਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਇਨ੍ਹਾਂ ਨੂੰ ਸੱਦਾ ਪੱਤਰ ਭੇਜਦੇ। ਛਪਾਏ ਗਏ ਸੋਵੀਨਰ 'ਤੇ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਤੇ ਹੋਰਨਾਂ ਮੰਤਰੀਆਂ, ਐਮ. ਪੀ. ਆਦਿ ਦੀਆਂ ਤਸਵੀਰਾਂ ਸਨ। ਮਨਾਈ ਤਾਂ ਸਿਲਵਰ ਜੁਬਲੀ ਜਾ ਰਹੀ ਸੀ ਤੇ ਨਿਊਜ਼ ਕਿਸੇ ਵੀ ਚੈਨਲ 'ਤੇ ਨਹੀਂ ਸੀ। ਇਕੱਠ ਹਜ਼ਾਰਾਂ ਦਾ ਸੀ ਤੇ ਇਥੇ ਵਸਦੇ ਬਾਕੀ ਭਾਈਚਾਰਿਆਂ ਨੂੰ ਪਤਾ ਵੀ ਨਹੀਂ ਸੀ ਕਿ ਗਰਾਊਂਡਾਂ ਵਿਚ ਏਨੀ ਭੀੜ ਕਿਉਂ ਹੈ? ਭਾਰਤੀ ਮੀਡੀਏ ਵਾਲੇ ਲੋਕਲ ਤੇ ਅੰਤਰਰਾਸ਼ਟਰੀ ਅਖਬਾਰਾਂ ਦੀ ਵੀ ਕਿਸੇ ਪ੍ਰਵਾਹ ਨਹੀਂ ਕੀਤੀ। ਮੈਲਬੌਰਨ ਵਿਚ ਕਰਵਾਈਆਂ ਜਾ ਰਹੀਆਂ 2013 ਦੀਆਂ ਸਿੱਖ ਖੇਡਾਂ ਵਿਚ ਅਸੀਂ ਆਸ ਕਰਦੇ ਹਾਂ ਕਿ ਇਨ੍ਹਾਂ ਖੇਡਾਂ ਦੇ ਪ੍ਰਬੰਧਕ ਜੋ ਊਣਤਾਈਆਂ ਰਹਿ ਗਈਆਂ, ਉਨ੍ਹਾਂ ਨੂੰ ਸੁਧਾਰਨ ਦਾ ਯਤਨ ਕਰਨਗੇ। ਪ੍ਰਸਿੱਧ ਕਬੱਡੀ ਕੋਚ ਸ: ਕੁਲਦੀਪ ਸਿੰਘ ਬਾਸੀ ਨੇ ਇਸ ਵਾਰ ਕਿਹਾ ਕਿ ਉਹ ਮੀਡੀਏ ਨੂੰ ਨਾਲ ਲੈ ਕੇ ਚੱਲਣਗੇ। ਸ: ਹਰਭਜਨ ਸਿੰਘ ਖਹਿਰਾ ਨੇ ਵੀ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਮੀਡੀਏ ਨੂੰ ਇਥੇ ਵਿਸਾਰਿਆਂ ਗਿਆ, ਉਹ ਅਸੀਂ ਮੈਲਬੌਰਨ ਵਿਚ ਨਹੀਂ ਹੋਣ ਦਿਆਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਥੋਂ ਦੀਆਂ ਅੰਗਰੇਜ਼ੀ ਅਖਬਾਰਾਂ ਤੇ ਟੀ. ਵੀ., ਰੇਡੀਓ ਨੂੰ ਜਾ ਕੇ ਸੱਦਾ ਪੱਤਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਹ ਅਗਲੀਆਂ ਖੇਡਾਂ ਵਿਚ ਸਾਰੀਆਂ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ਦਾ ਯਤਨ ਕਰਨਗੇ। ਪਹਿਲੇ ਦਿਨ ਤੋਂ ਬਾਅਦ ਇਥੋਂ ਦੇ ਗੁਰੂ ਘਰਾਂ ਰਿਵਸਬੀ ਤੇ ਪਾਰਕਲੀ ਦੀਆਂ ਕਮੇਟੀਆਂ ਵੱਲੋਂ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਤੇ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਚੱਲਦੇ ਰਹੇ। ਦੋ ਦਿਨ ਸੰਗਤਾਂ ਨੂੰ ਖਾਣ, ਪੀਣ ਦੀ ਕੋਈ ਮੁਸ਼ਕਿਲ ਨਾ ਆਈ।
No comments:
Post a Comment