ਵੈਨਕੂਵਰ, 13 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-37 ਸਾਲਾ ਕੈਨੇਡੀਅਨ ਪੰਜਾਬੀ ਤੇ ਦੋ ਬੱਚਿਆਂ ਦੇ ਬਾਪ ਬਰਿੰਦਰ ਸਿੰਘ ਰਾਏ ਨੇ ਆਪਣੇ ਹੀ ਸਕਿਆਂ ਦੇ 6 ਪਰਿਵਾਰਕ ਮੈਂਬਰਾਂ 'ਤੇ ਜਾਨੋਂ ਮਾਰਨ ਦੇ ਹਮਲੇ ਦੇ ਦੋਸ਼ 'ਚ ਮੁਕੱਦਮਾ ਦਾਇਰ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਦਰਜ ਹਰਜ਼ਾਨੇ ਦੇ ਦਾਅਵੇ 'ਚ ਰਾਏ ਨੇ ਆਪਣੇ ਦਾਦੇ ਤੇ ਪੰਜ ਹੋਰਨਾਂ 'ਤੇ ਅਣਖ ਖਾਤਿਰ ਉਸ ਦੀ ਹੱਤਿਆ ਰਚਣ ਦੇ ਗੰਭੀਰ ਇਲਜ਼ਾਮ ਲਾਏ ਹਨ। ਪੀੜਤ ਵੱਲੋਂ ਦਰਜ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਉਹ ਛੋਟਾ ਸੀ, ਤਦ ਉਸ ਦੀ ਮਾਂ ਸਮੇਤ ਉਨ੍ਹਾਂ ਨੂੰ ਬਾਪ ਵੱਲੋਂ ਛੱਡ ਦਿੱਤਾ ਗਿਆ ਸੀ ਤੇ ਉਸ ਵੇਲੇ ਤੋਂ ਹੀ ਉਸ ਦੇ ਦਾਦਾ-ਪੜਦਾਦਾ ਆਦਿ ਪੰਜਾਬ ਅੰਦਰਲੀ ਜ਼ਮੀਨ ਤੋਂ ਉਸ ਨੂੰ ਬਾਹਰ ਕਰਨ ਲਈ ਖਤਮ ਕਰਨ ਦੀ ਕੋਸ਼ਿਸ਼ 'ਚ ਸਨ। ਬਰਿੰਦਰ ਰਾਏ ਨੇ ਦੱਸਿਆ ਕਿ 1996 ਵਿਚ ਉਸ ਦੀ ਪੰਜਾਬ ਫੇਰੀ ਦੌਰਾਨ ਪਿੰਡ 'ਚ ਖੇਤਾਂ ਅੰਦਰ ਉਸ ਦੇ ਦਾਦਾ ਜ਼ੋਰਾ ਸਿੰਘ ਰਾਏ, ਜੋ ਰਿਚਮੰਡ ਬੀ. ਸੀ. ਦਾ ਵਸਨੀਕ ਹੈ, ਵੱਲੋਂ ਉਸ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਤੇ ਆਪਣੇ ਹੀ ਇਕ ਸਾਥੀ ਹਰਭਜਨ ਸਿੰਘ ਨਾਂਅ ਦੇ ਵਿਅਕਤੀ ਦੀ ਵੀ ਉਥੇ ਹੀ ਹੱਤਿਆ ਕਰਕੇ ਉਸ ਦੇ ਨਾਂਅ ਲਾ ਦਿੱਤੀ ਗਈ। ਮਰਨ ਤੋਂ ਮਸਾਂ ਬਚਣ ਤੇ ਇਲਾਜ ਮਗਰੋਂ ਉਸ ਨੂੰ ਜੇਲ੍ਹ ਅੰਦਰ ਬੰਦ ਕਰਕੇ ਕੈਨੇਡੀਅਨ ਪਾਸਪੋਰਟ ਤੇ ਹੋਰ ਕਾਗਜ਼ਾਤ ਉਸ ਤੋਂ ਲੈ ਲਏ ਗਏ ਤੇ ਤਿੰਨ ਸਾਲ ਦੀ ਲੰਬੀ ਖੁਆਰੀ ਮਗਰੋਂ ਉਹ ਵਾਪਸ ਆਉਣ 'ਚ ਸਫਲ ਹੋਇਆ। ਕੈਨੇਡਾ ਆ ਕੇ ਰਾਏ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਧਰ ਜ਼ੋਰਾ ਸਿੰਘ ਰਾਏ ਦੇ ਪੁੱਤਰ ਗੁਰਲਾਲ ਸਿੰਘ ਰਾਏ ਦਾ ਕਹਿਣਾ ਹੈ ਕਿ ਉਸ ਦੇ 90 ਸਾਲਾ ਬਾਪ ਨੂੰ ਅਜਿਹੇ ਮਾਮਲੇ 'ਚ ਸ਼ਾਮਿਲ ਕਰਨ ਦੇ ਦੋਸ਼ ਗਲਤ ਹਨ, ਬਲਕਿ ਬਰਿੰਦਰ ਉਸ ਦੇ ਪਰਿਵਾਰ ਤੋਂ ਪੈਸੇ ਬਣਾਉਣ ਲਈ ਕਹਾਣੀ ਘੜ ਰਿਹਾ ਹੈ ਤੇ ਅਸਲ 'ਚ ਅਣਖ ਖਾਤਿਰ ਕਤਲ ਵਾਲੀ ਕੋਈ ਗੱਲ ਨਹੀਂ। ਉਸ ਨੇ ਉਲਟਾ ਦੋਸ਼ ਲਾਇਆ ਕਿ 10 ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਦੀ ਪੁਲਿਸ ਕੋਲ ਰਿਪੋਰਟ ਕਰ ਦਿੱਤੀ ਗਈ ਹੈ। ਗੁਰਲਾਲ ਰਾਏ ਨੇ ਕਿਹਾ ਕਿ ਉਹ ਆਪਣੇ ਪੁੱਤਰ ਵਿਰੁੱਧ ਮੁਕੱਦਮਾ ਠੋਕਣ ਲਈ ਵਿਚਾਰ ਕਰ ਰਿਹਾ ਹੈ।
No comments:
Post a Comment