ਮਾਨਹਾਈਮ 20 ਜਨਵਰੀ - ਯੂਰਪ ਦੇ ਕਈ ਦੇਸ਼ਾਂ 'ਚ ਵਸਦੇ ਸਿੱਖ ਪਰਿਵਾਰਾਂ ਨੂੰ ਉਸ ਸਮੇਂ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦ ਨਵ-ਜਨਮੀਆਂ ਲੜਕੀਆਂ ਦੇ ਨਾਂਅ ਨਾਲ ਸਥਾਨਕ ਸ਼ਹਿਰੀ ਪ੍ਰਸ਼ਾਸਨ ਕੌਰ ਦੀ ਥਾਂ 'ਸਿੰਘ' ਦਰਜ ਕਰ ਦਿੰਦੇ ਹਨ। ਕਈ ਮਾਮਲਿਆਂ 'ਚ ਲੜਕਿਆਂ ਦੇ ਨਾਂਅ ਦੇ ਪਿਛੇ 'ਕੌਰ' ਵੀ ਲਿਖ ਦਿੰਦੇ ਹਨ। ਅਧਿਕਾਰੀਆਂ ਦਾ ਤਰਕ ਹੁੰਦਾ ਹੈ ਕਿ ਜੇ ਲੜਕੀ ਦੇ ਬਾਪ ਦਾ ਪਰਿਵਾਰਕ ਨਾਂਅ 'ਸਿੰਘ' ਹੈ, ਫਿਰ ਲੜਕੀ ਨੂੰ ਮਨਜੀਤ ਕੌਰ ਨਹੀਂ ਮਨਜੀਤ ਸਿੰਘ ਹੀ ਲਿਖਿਆ ਜਾਵੇਗਾ। ਅਜਿਹੇ ਵਰਤਾਰੇ ਦਾ ਸਾਹਮਣਾ ਹਾਲੈਂਡ 'ਚ ਵਸਦੇ ਸਿੱਖਾਂ ਨੂੰ 2002 ਤੋਂ ਕਰਨਾ ਪੈ ਰਿਹਾ ਸੀ। ਇਸ ਸਬੰਧੀ ਸਿੱਖ ਮਨੁੱਖੀ ਅਧਿਕਾਰੀ ਸੰਗਠਨ ਦੇ ਆਗੂ ਸ: ਭੁਪਿੰਦਰ ਸਿੰਘ ਹਾਲੈਂਡ ਵੱਲੋਂ ਕੀਤੇ ਗਏ ਸਰਕਾਰੀ ਪੱਧਰ ਤੱਕ ਆਵਾਜ਼ ਪਹੁੰਚਾਉਣ ਦੇ ਯਤਨ ਉਦੋਂ ਸਫਲ ਹੋਏ ਜਦ ਹਾਲੈਂਡ ਦੇ ਇਮੀਗ੍ਰੇਸ਼ਨ, ਇੰਟਗ੍ਰੇਸ਼ਨ ਤੇ ਅਸਾਈਲਮ ਵਿਭਾਗਾਂ ਦੇ ਮੰਤਰੀ ਜੀ. ਬੀ ਐਮ. ਲੀਅਰਸ ਨੇ ਸ: ਭੁਪਿੰਦਰ ਸਿੰਘ ਨੂੰ ਲਿਖੀ ਚਿੱਠੀ 'ਚ ਇੰਕਸ਼ਾਫ਼ ਕੀਤਾ ਕਿ ਭਵਿੱਖ 'ਚ ਸਿੱਖ ਬੱਚਿਆਂ ਦੇ ਨਾਂਅ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਨੁਸਾਰ ਹੀ ਪ੍ਰਸ਼ਾਸਨ ਦਰਜ ਕਰੇਗਾ। ਲੀਅਰਸ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਸਿੱਖ ਬੱਚਿਆਂ ਦੇ ਨਾਂਅ ਸਹੀ ਤਰ੍ਹਾਂ ਦਰਜ ਨਹੀਂ ਹੋਏ ਉਨ੍ਹਾਂ ਬੱਚਿਆਂ ਦੇ ਨਾਵਾਂ ਦੀ ਸੋਧ ਮੁਫ਼ਤ ਕੀਤੀ ਜਾਵੇਗੀ। ਮੰਤਰੀ ਨੇ ਪੱਤਰ 'ਚ ਕਿਹਾ ਕਿ ਸਿੱਖ ਸਿੱਖੀ ਸਰੂਪ 'ਚ ਪੁਲਿਸ, ਫੌਜ ਤੇ ਨਿਆਂਪਾਲਿਕਾ ਖੇਤਰਾਂ 'ਚ ਦਫਤਰੀ ਸੇਵਾਵਾਂ ਕਰ ਸਕਦੇ ਹਨ। 'ਅਜੀਤ' ਨਾਲ ਗੱਲਬਾਤ ਕਰਦਿਆਂ ਸ: ਭੁਪਿੰਦਰ ਸਿੰਘ ਹਾਲੈਂਡ ਨੇ ਦੱਸਿਆ ਕਿ ਸਿੱਧੇ ਤੌਰ 'ਤੇ ਜਨਤਕ ਸਬੰਧਾਂ ਵਾਲੇ ਸਰਕਾਰੀ ਅਦਾਰਿਆਂ 'ਚ ਨੌਕਰੀ ਦੇਣ ਸਬੰਧੀ ਸਰਕਾਰ ਦੀ ਝਿੱਜਕ ਅਜੇ ਦੂਰ ਹੋਣੀ ਬਾਕੀ ਹੈ। ਇਸ ਬਾਰੇ ਵੀ ਮੁਹਿੰਮ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਹਾਲੈਂਡ ਦੀ ਸਰਕਾਰ ਵੱਲੋਂ ਸਿੱਖ ਬੱਚਿਆਂ ਦੇ ਨਾਂਅ ਵਾਲਾ ਲਿਆ ਗਿਆ ਫੈਸਲਾ ਯੂਰਪ ਦੇ ਦੂਜੇ ਦੇਸ਼ਾਂ 'ਚ ਵੀ ਸਹਾਈ ਹੋਵੇਗਾ।
ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਸਰਕਾਰ ਦੇ ਫੈਸਲੇ ਦਾ ਸਵਾਗਤ
ਹਾਲੈਂਡ 'ਚ ਸਿੱਖ ਬੱਚਿਆਂ ਦੇ ਨਾਵਾਂ ਵਾਲੀ ਸਮੱਸਿਆ ਹੱਲ ਹੋਣ 'ਤੇ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ ਨੇ ਇਸ ਦਾ ਸਵਾਗਤ ਕਰਦਿਆਂ ਸ: ਭੁਪਿੰਦਰ ਸਿੰਘ ਹਾਲੈਂਡ ਦੇ ਅਣਥੱਕ ਯਤਨਾਂ ਸਦਕਾ ਮਿਲੀ ਕਾਮਯਾਬੀ 'ਤੇ ਸ: ਭੁਪਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਸਿੱਖਾਂ ਦੇ ਹੋਰ ਮਸਲਿਆਂ ਨੂੰ ਨਜਿੱਠਣ ਲਈ ਫੈਡਰੇਸ਼ਨ ਪੂਰੀ ਤਰ੍ਹਾਂ ਸਹਿਯੋਗ ਦਾ ਪ੍ਰਗਟਾਵਾ ਕਰਦੀ ਹੈ।
No comments:
Post a Comment