ਸ. ਮਨਮੀਤ ਸਿੰਘ ਭੁੱਲਰ ਮੰਤਰੀ ਸਰਵਿਸ ਅਲਬਰਟਾ
ਕੈਲਗਰੀ, 19 ਜਨਵਰੀ (ਜਸਜੀਤ ਸਿੰਘ ਧਾਮੀ)-ਸ. ਮਨਮੀਤ ਸਿੰਘ ਭੁੱਲਰ ਮੰਤਰੀ ਸਰਵਿਸ ਅਲਬਰਟਾ ਨੇ ਕਿਹਾ ਕਿ ਪ੍ਰੀਮੀਅਰ ਐਲੀਸਨ ਰੈਡਫੋਰਡ ਦੀ ਅਗਵਾਈ 'ਚ ਸੂਬਾ ਸਰਕਾਰ ਆਪਣੀਆਂ ਐਲਾਨੀਆਂ ਤਰਜੀਹਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰੈਡਫੋਰਡ ਸਰਕਾਰ ਨੇ ਸਹੁੰ ਚੁੱਕਣ ਤੋਂ ਬਾਅਦ ਬਿਨਾਂ ਕੋਈ ਸਮਾਂ ਗੁਆਏ ਨਵੇਂ ਕਾਨੂੰਨ ਬਣਾਏ ਹਨ। ਸ. ਭੁੱਲਰ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਅਲਬਰਟਾ ਦੇ ਸਕੂਲਾਂ ਨੂੰ 107 ਮਿਲੀਅਨ ਡਾਲਰ ਦੀ ਹੋਰ ਸਹਾਇਤਾ ਦੇਣਾ ਸੀ। ਇਸ ਪੈਸੇ ਨਾਲ ਸਕੂਲਾਂ 'ਚ ਲੋੜੀਂਦਾ ਸਟਾਫ਼ ਤੇ ਹੋਰ ਸਹੂਲਤਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਗ਼ਲਤ ਡਰਾਈਵਿੰਗ ਵਿਰੁੱਧ ਨਵੇਂ ਸਖ਼ਤ ਨਿਯਮ ਬਣਾਏ ਗਏ ਹਨ। ਜਿਨ੍ਹਾਂ 'ਚ ਹੋਰ ਨਿਯਮਾਂ ਤੋਂ ਇਲਾਵਾ ਲਾਇਸੰਸ ਮੁਅਤੱਲ ਕਰਨਾ, ਵਾਹਨ ਜ਼ਬਤ ਕਰਨਾ ਆਦਿ ਸ਼ਾਮਿਲ ਹੈ ਤਾਂ ਜੋ ਸ਼ਰਾਬ ਪੀ ਕੇ ਹੁੰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਤੇ ਸਾਡੇ ਲੋਕ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਸਰਕਾਰ ਲਈ ਇਕ ਹੋਰ ਪ੍ਰਮੁੱਖ ਮੁੱਦਾ ਅਲਬਰਟਾ ਵਾਸੀਆਂ ਦੀ ਸਿਹਤ ਦਾ ਹੈ ਤੇ ਸਿਹਤ ਸਾਡੀ ਸਰਕਾਰ ਦੀ ਉੱਚ ਤਰਜੀਹ ਵਿਚ ਸ਼ਾਮਿਲ ਹੈ। ਸਰਕਾਰ ਵੱਲੋਂ ਇਸ ਖੇਤਰ ਵਿਚ ਲੋੜੀਂਦਾ ਨਿਵੇਸ਼ ਕੀਤਾ ਜਾਵੇਗਾ। ਸ.ਭੁੱਲਰ ਨੇ ਹੋਰ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਹੁਣ 90 ਪ੍ਰਤੀਸ਼ਤ ਅਲਬਰਟਾ ਵਾਸੀ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵਿਕਾਸ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ ਤੇ ਵਿਕਾਸ ਦੀ ਪ੍ਰੀਕ੍ਰਿਆ ਹੋਰ ਤੇਜ਼ ਹੋਵੇਗੀ।
No comments:
Post a Comment