"Never doubt that even a small group of thoughtful, committed, citizens can change the World." — Margaret Mead

Wednesday, January 11, 2012

ਭਾਜਪਾ ਵਿਧਾਇਕ ਜਗਦੀਸ਼ ਸਾਹਨੀ ਕਾਂਗਰਸ 'ਚ ਸ਼ਾਮਿਲ

ਕੈਪਟਨ ਨੇ ਬਾਗੀਆਂ ਨੂੰ ਪਾਰਟੀ ਅਨੁਸ਼ਾਸਨ 'ਚ ਆਉਣ ਲਈ ਕਿਹਾ
ਚੰਡੀਗੜ੍ਹ, 11 ਜਨਵਰੀ (ਹਰਕਵਲਜੀਤ ਸਿੰਘ)-ਭਾਜਪਾ ਦੇ ਸਾਬਕਾ ਮੰਤਰੀ ਅਤੇ ਵਿਧਾਨਕਾਰ ਸ੍ਰੀ ਜਗਦੀਸ਼ ਸਾਹਨੀ ਨੇ ਭਾਜਪਾ ਨਾਲ ਆਪਣੇ 20 ਸਾਲਾਂ ਦੇ ਸਬੰਧਾਂ ਦਾ ਤੋੜ-ਵਿਛੋੜਾ ਕਰਦਿਆਂ ਅੱਜ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਦੇ ਪੰਜਾਬ ਮਾਮਲਿਆਂ ਸਬੰਧੀ ਇੰਚਾਰਜ ਸ੍ਰੀ ਗੁਲਚੈਨ ਸਿੰਘ ਚੜਕ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਉਨ੍ਹਾਂ ਭਾਜਪਾ ਨੂੰ ਛੱਡਣ ਦਾ ਮੁੱਖ ਕਾਰਨ ਬਟਾਲਾ ਵਿਧਾਨ ਸਭਾ ਹਲਕੇ ਨੂੰ ਅਕਾਲੀਆਂ ਨੂੰ ਦੇਣਾ ਅਤੇ ਬਟਾਲਾ ਨੂੰ ਜ਼ਿਲ੍ਹੇ ਦਾ ਦਰਜਾ ਨਾ ਦਿੱਤਾ ਜਾਣਾ ਦੱਸਿਆ। ਕਾਂਗਰਸ ਭਵਨ ਵਿਖੇ ਇਕ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਉਹ ਬਿਨਾਂ ਕਿਸੇ ਕਾਰਨ ਉਹ ਕਾਂਗਰਸ ਵਿਚ ਸ਼ਾਮਿਲ ਹੋਏ ਹਨ, ਪ੍ਰੰਤੂ ਬਟਾਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਕਾਇਮ ਹੈ ਅਤੇ ਉਹ ਇਸ ਲਈ ਯਤਨਸ਼ੀਲ ਰਹਿਣਗੇ। ਸ੍ਰੀ ਸਾਹਨੀ ਜੋ ਬਟਾਲਾ ਤੋਂ 3 ਵਾਰ ਵਿਧਾਨਕਾਰ ਬਣੇ, ਨੇ ਦਾਅਵਾ ਕੀਤਾ ਕਿ ਉਨ੍ਹਾਂ ਬਟਾਲਾ ਵਿਚਲੇ ਭਾਜਪਾ ਦੇ ਕਾਡਰ ਨੂੰ 5 ਸੌ ਤੋਂ 52 ਹਜ਼ਾਰ ਤੱਕ ਪਹੁੰਚਾਇਆ ਅਤੇ ਉਹ ਆਉਂਦੀਆਂ ਚੋਣਾਂ ਦੌਰਾਨ ਗੁਰਦਾਸਪੁਰ ਦੀਆਂ 5 ਸੀਟਾਂ 'ਤੇ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੇ ਉਨ੍ਹਾਂ ਦੀ ਕਦਰ ਨਹੀਂ ਪਾਈ, ਇਸ ਲਈ ਉਨ੍ਹਾਂ ਭਾਜਪਾ ਨੂੰ ਛੱਡਣ ਦਾ ਫੈਸਲਾ ਲਿਆ। ਵਰਨਣਯੋਗ ਹੈ ਕਿ ਸ੍ਰੀ ਸਾਹਨੀ ਦੇ ਭਾਜਪਾ ਦੀ ਇਕ ਹੋਰ ਮੰਤਰੀ ਸ੍ਰੀਮਤੀ ਲਕਸ਼ਮੀਕਾਂਤਾ ਚਾਵਲਾ ਨਾਲ ਹੋਏ ਝਗੜੇ ਅਤੇ ਉਨ੍ਹਾਂ ਵੱਲੋਂ ਸ੍ਰੀਮਤੀ ਚਾਵਲਾ 'ਤੇ ਲਗਾਏ ਗਏ ਤਿੱਖੇ ਦੋਸ਼ਾਂ ਤੋਂ ਬਾਅਦ ਸ੍ਰੀ ਸਾਹਨੀ ਦੀ ਮੰਤਰੀ ਮੰਡਲ ਵਿਚੋਂ ਛਾਂਟੀ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਟਿਕਟ ਨੂੰ ਕੱਟਣ ਲਈ ਪਾਰਟੀ ਨੇ ਬਟਾਲਾ ਸੀਟ ਹੀ ਅਕਾਲੀ ਦਲ ਲਈ ਛੱਡ ਦਿੱਤੀ। ਸ੍ਰੀ ਸਾਹਨੀ ਦੀ ਮੌਜੂਦਾ ਭਾਜਪਾ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨਾਲ ਵੀ ਖਟਪਟ ਸੀ। ਸ੍ਰੀ ਚੜਕ ਨੇ ਇਸ ਮੌਕੇ ਐਲਾਨ ਕੀਤਾ ਕਿ ਸ੍ਰੀ ਸਾਹਨੀ ਛੇਤੀ ਹੀ ਬਟਾਲਾ ਵਿਖੇ ਇਕ ਰੈਲੀ ਕਰਕੇ ਆਪਣੇ ਸਮਰਥਕਾਂ ਅਤੇ ਕਾਡਰ ਨੂੰ ਕਾਂਗਰਸ ਵਿਚ ਸ਼ਾਮਿਲ ਕਰਨ ਦਾ ਐਲਾਨ ਕਰਨਗੇ ਅਤੇ ਉਸ ਮੌਕੇ ਸਾਰਿਆਂ ਨੂੰ ਸ੍ਰੀ ਸਾਹਨੀ ਦੇ ਸਿਆਸੀ ਆਧਾਰ ਸਬੰਧੀ ਪਤਾ ਲੱਗ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਸਾਹਨੀ ਨੂੰ ਸਮਾਂ ਆਉਣ 'ਤੇ ਬਣਦਾ ਮਾਣ-ਸਨਮਾਨ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜੁਆਬ ਵਿਚ ਕਿਹਾ ਕਿ ਕਾਂਗਰਸ ਵਿਚੋਂ ਉਠ ਰਹੀਆਂ ਬਾਗੀ ਸੁਰਾਂ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅਰਥਾਤ 16 ਜਨਵਰੀ ਤੋਂ ਬਾਅਦ ਖ਼ਤਮ ਹੋ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਟਿਕਟਾਂ ਦੇਣ ਦਾ ਫੈਸਲਾ ਕਾਂਗਰਸ ਪ੍ਰਧਾਨ ਦਾ ਹੈ ਅਤੇ ਸਮੁੱਚੀ ਪਾਰਟੀ ਨੂੰ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਤਰ੍ਹਾਂ ਦਬਾਅ ਜਾਂ ਬਲੈਕਮੇਲਿੰਗ ਨੂੰ ਪ੍ਰਵਾਨ ਨਹੀਂ ਕਰੇਗੀ। ਉਨ੍ਹਾਂ ਮਾਘੀ ਮੌਕੇ ਕਾਂਗਰਸ ਦੀ ਇਸ ਵਾਰ ਰੱਖੀ ਕਾਨਫਰੰਸ ਵੀ ਰੱਦ ਕਰਨ ਸਬੰਧੀ ਦੱਸਿਆ ਅਤੇ ਕਿਹਾ ਕਿ ਪਾਰਟੀ ਦੇ ਸਾਰੇ ਆਗੂ ਕਿਉਂਕਿ ਆਪਣੇ ਹਲਕਿਆਂ ਵਿਚ ਰੁਝੇ ਹੋਣਗੇ, ਇਸ ਲਈ ਸੂਬਾ ਪੱਧਰੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ।

No comments:

Post a Comment