ਟੋਰਾਂਟੋ, 25 ਅਗਸਤ, 2012 - ਕੈਨੇਡਾ 'ਚ ਧੀ ਅਤੇ ਜਵਾਈ ਦੇ ਤਲਾਕ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਸਪੁਰਦਗੀ ਦੇ ਕੇਸ ਵਿਚ ਇਕ ਨਾਨੇ ਨੂੰ ਅਦਾਲਤ ਦੀ ਸਖਤੀ ਦਾ ਸਾਹਮਣਾ ਕਰਨਾ ਪੈ ਗਿਆ ਹੈ। ਟੋਰਾਂਟੋ ਲਾਗੇ ਨਿਊ ਮਾਰਕਿਟ ਦੀ ਅਦਾਲਤ ਵਿਚ ਚਲ ਰਹੇ ਇਕ ਕੇਸ ਅਨੁਸਾਰ 77 ਸਾਲਾ ਟੈਡ ਉਤਸਵਸਕੀ 'ਤੇ ਦੋਸ਼ ਹੈ ਕਿ ਉਹ ਮਾਰਚ 2009 ਵਿਚ ਆਪਣੀ ਬੇਟੀ ਅਤੇ ਉਸ ਦੇ ਦੋ ਪੁੱਤਰਾਂ ਨੂੰ ਕੈਨੇਡਾ ਵਿਚ ਨਿਆਗਰਾ ਫਾਲਜ਼ ਰਸਤੇ ਅਮਰੀਕਾ ਛੱਡ ਕੇ ਆਇਆ ਸੀ ਜਦ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਬੇਟੀ ਆਪਣੇ ਬੇਟਿਆਂ ਸਮੇਤ ਉਥੋਂ ਜਰਮਨੀ ਰਸਤੇ ਪੋਲੈਂਡ ਚਲੀ ਜਾਵੇਗੀ ਕਿਉਂਕਿ ਉਹ ਆਪਣੇ (ਸਾਬਕਾ) ਪਤੀ ਨੂੰ ਬੱਚਿਆਂ ਦੇ ਲਾਗੇ ਨਹੀਂ ਸੀ ਲੱਗਣ ਦੇਣਾ ਚਾਹੁੰਦੀ। ਪੋਲੈਂਡ ਤੋਂ ਕੈਨੇਡਾ 'ਚ ਆ ਕੇ ਵਸੇ ਟੈਡ ਦੀ ਇਸ ਦਲੀਲ ਨੂੰ ਜੱਜ ਨੇ ਨਹੀਂ ਮੰਨਿਆ ਕਿ ਉਸ ਨੂੰ ਆਪਣੀ ਬੇਟੀ ਦੇ ਆਪਣੇ ਬੇਟਿਆਂ ਨੂੰ ਸਦਾ ਲਈ ਕੈਨੇਡਾ 'ਚੋਂ ਕੱਢਣ ਦੇ ਇਰਾਦੇ ਬਾਰੇ ਨਹੀਂ ਸੀ ਪਤਾ। ਜ਼ਮਾਨਤ ਦੀਆਂ ਸ਼ਰਤਾਂ ਤਹਿਤ ਟੈਡ ਦਾ ਪਾਸਪੋਰਟ ਜ਼ਬਤ ਹੈ ਅਤੇ ਉਸ ਨੂੰ ਸਜ਼ਾ ਅਕਤੂਬਰ ਵਿਚ ਸੁਣਾਈ ਜਾਵੇਗੀ। 2004 ਤੋਂ ਤਲਾਕ ਲਈ ਚੱਲ ਰਹੀ ਕਾਨੂੰਨੀ ਲੜਾਈ ਵਿਚ ਕਮਾਲ ਦੀ ਗੱਲ ਇਹ ਹੈ ਕਿ ਪੋਲੈਂਡ ਦੀ ਅਦਾਲਤ ਟੈਡ ਦੀ ਲੜਕੀ ਦੇ ਹੱਕ ਵਿਚ ਫ਼ੈਸਲਾ ਦੇ ਚੁੱਕੀ ਹੈ ਜਿਸ ਮੁਤਾਬਿਕ ਉਸ ਦੇ ਬੱਚਿਆਂ ਨੂੰ ਕੈਨੇਡਾ ਵਾਪਸ ਭੇਜਣ ਦੀ ਲੋੜ ਨਹੀਂ ਪਰ ਬੱਚਿਆਂ ਦਾ ਪਿਤਾ ਕੈਨੇਡਾ ਦੀ ਅਦਾਲਤ ਵਿਚ ਆਪਣੀ (ਸਾਬਕਾ) ਪਤਨੀ ਤੇ ਦੋਵਾਂ ਲੜਕਿਆਂ ਨੂੰ ਅਗਵਾ ਕਰਕੇ ਰੱਖਣ ਦਾ ਕੇਸ ਲੜ ਰਿਹਾ ਹੈ ਅਤੇ ਉਸ ਨੂੰ ਅਦਾਲਤ ਨੇ ਭਗੌੜੀ ਕਰਾਰ ਦਿੱਤਾ ਹੋਇਆ ਹੈ।
No comments:
Post a Comment