ਰੋਮ (ਇਟਲੀ) 5 ਫਰਵਰੀ - ਜਿਥੇ ਯੂਰਪੀ ਮੁਲਕ ਆਰਥਿਕ ਮੰਦਵਾੜੇ ਦੇ ਪੂਰੀ ਤਰ੍ਹਾਂ ਝੰਬੇ ਹੋਏ ਹਨ, ਉਥੇ ਹੁਣ ਅਰਬ ਦੇਸ਼ਾਂ ਦੇ ਅਤੇ ਏਸ਼ੀਅਨ ਮੂਲ ਦੇ ਪ੍ਰਵਾਸੀ ਕਾਮੇ ਆਪਣੀ ਰੋਜ਼ੀ-ਰੋਟੀ ਦੀ ਭਾਲ ਵਿਚ ਇਨ੍ਹਾਂ ਦੇਸ਼ਾਂ ਵੱਲ ਬਿਨਾਂ ਸੋਚੇ-ਸਮਝੇ ਪ੍ਰਵਾਸ ਕਰ ਰਹੇ ਹਨ। ਗਰੀਸ ਤੋਂ ਬਾਅਦ ਹੁਣ ਯੂਰਪੀ ਮੁਲਕ ਇਟਲੀ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਨਜ਼ਰ ਆ ਰਹੀ ਹੈ। ਬੇਰੁਜ਼ਗਾਰੀ ਨੇ ਆਪਣੀ ਸਰਦਾਰੀ ਇਟਲੀ 'ਤੇ ਪਹਿਲਾਂ ਹੀ ਕਾਇਮ ਕਰ ਲਈ ਹੈ, ਪਰ ਫਿਰ ਵੀ ਅਰਬ ਤੇ ਹੋਰ ਏਸ਼ੀਆ ਮੁਲਕਾਂ ਦਾ ਗ਼ੈਰ-ਕਾਨੂੰਨੀ ਪ੍ਰਵਾਸ ਲਗਾਤਾਰ ਇਟਲੀ ਵੱਲ ਜਾਰੀ ਹੈ। ਯੂ. ਐਨ. ਓ. ਦੀ ਰਫ਼ਿਊਜ਼ੀ ਏਜੰਸੀ (ਯੂ. ਐਨ. ਐਚ. ਸੀ. ਆਰ.) ਦੀ ਵਿਸ਼ੇਸ਼ ਰਿਪੋਰਟ ਮੁਤਾਬਿਕ ਸਾਲ 2011 ਵਿਚ ਸਮੁੰਦਰੀ ਰਸਤੇ ਰਾਹੀਂ ਯੂਰਪੀ ਮੁਲਕਾਂ ਵਿਚ ਦਾਖਲ ਹੁੰਦੇ ਅਰਬ ਅਤੇ ਏਸ਼ੀਅਨਾਂ ਮੂਲ ਦੇ ਗ਼ੈਰ-ਕਾਨੂੰਨੀ ਪ੍ਰਵਾਸੀ 1500 ਦੇ ਕਰੀਬ ਮੌਤ ਦੇ ਮੂੰਹ ਵਿਚ ਜਾ ਪਏ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਟੈਲੀਫੋਨਾਂ ਅਤੇ ਈਮੇਲਾਂ ਅਤੇ ਹੋਰ ਇਲੈਕਟ੍ਰਿਕ ਸਾਧਨਾਂ ਦੁਆਰਾ ਪ੍ਰਾਪਤ ਕੀਤੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਹੈ। ਯੂ. ਐਨ. ਓ. ਨੇ ਯੂਰਪੀ ਦੇਸ਼ਾਂ ਵਿਚ ਦਾਖਲ ਹੋ ਰਹੇ ਗ਼ੈਰ-ਕਾਨੂੰਨੀ ਲੋਕਾਂ ਦੇ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਅਤੇ ਇਸ ਦੀ ਰੋਕਥਾਮ ਲਈ ਬਣਾਈ ਗਈ ਵਿਸ਼ੇਸ਼ ਏਜੰਸੀ ਦੀ ਸੰਨ 2007 ਵਿਚ ਸਥਾਪਨਾ ਕੀਤੀ ਸੀ। ਜਿਸ ਦੁਆਰਾ ਇਕੱਤਰ ਕੀਤੇ ਗਏ ਅੰਕੜੇ ਮੁਤਾਬਿਕ ਸੰਨ 2007 ਵਿਚ ਸਮੁੰਦਰੀ ਰਸਤੇ ਰਾਹੀਂ 650 ਬੰਦੇ ਮਾਰੇ ਗਏ ਸਨ। ਏਜੰਸੀ ਦੇ ਤਾਜ਼ੇ ਇਕੱਤਰ ਕੀਤੇ ਅੰਕੜਿਆਂ ਮੁਤਾਬਿਕ ਸੰਨ 2008 ਵਿਚ ਸਮੁੰਦਰੀ ਰਸਤੇ ਰਾਹੀਂ ਯੂਰਪੀ ਮੁਲਕਾਂ ਵਿਚ 54 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀ ਦਾਖਲ ਹੋਏ ਸਨ। 2007 ਤੋਂ ਲੈ ਕੇ ਸੰਨ 2011 ਤੱਕ ਸਭ ਤੋਂ ਵੱਧ ਦਾਖਲੇ ਦੀ ਦਰ ਆਰਥਿਕ ਮੰਦੀ ਦੇ ਬੁਰੀ ਤਰ੍ਹਾਂ ਝੰਬੇ ਪਏ ਯੂਰਪੀ ਦੇਸ਼ ਗਰੀਸ ਅਤੇ ਇਟਲੀ ਵਿਚ ਹੋਈ ਦੱਸੀ ਜਾਂਦੀ ਹੈ। ਏਜੰਸੀ ਦੇ ਅਧਿਕਾਰੀ ਨੇ ਇਕ ਹੋਰ ਸਨਸਨੀਖੇਜ਼ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੰਨ 2011 ਵਿਚ ਯੂਰਪੀ ਦੇਸ਼ ਇਟਲੀ ਵਿਚ ਸਭ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸ ਸਮੁੰਦਰੀ ਰਸਤੇ ਰਾਹੀਂ ਹੋਇਆ, ਜਿਸ ਤਹਿਤ 56 ਹਜ਼ਾਰ ਲੋਕ ਇਟਲੀ ਵਿਚ ਦਾਖਲ ਹੋਏ, ਜੋ ਕਿ ਇਕ ਆਪਣੇ-ਆਪ ਵਿਚ ਇਕ ਰਿਕਾਰਡ ਹੈ, ਜਿਨ੍ਹਾਂ ਵਿਚੋਂ 28 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀ ਅਰਬ ਦੇਸ਼ ਤੂਨੇਸ਼ਨੀਆ ਦੇ ਸੀ। ਅਧਿਕਾਰੀ ਇਸ ਗੱਲੋਂ ਵੀ ਬਹੁਤ ਹੈਰਾਨ ਹਨ ਕਿ ਐਨੇ ਭਿਆਨਕ ਸਮੁੰਦਰੀ ਤੂਫਾਨਾਂ ਦੇ ਬਾਵਜੂਦ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਯੂਰਪੀ ਮੁਲਕਾਂ ਦੀ ਸ਼ਰਨ ਲੈ ਰਹੇ ਹਨ।
No comments:
Post a Comment