ਨਵੀਂ ਦਿੱਲੀ, 28 ਫਰਵਰੀ (ਏਜੰਸੀਆਂ)-11 ਵੱਡੀਆਂ ਟਰੇਡ ਯੂਨੀਅਨਾਂ ਵਲੋਂ 24 ਘੰਟੇ ਹੜਤਾਲ ਦੇ ਦਿੱਤੇ ਸੱਦੇ ਦਾ ਮਿਲਿਆ ਜੁਲਿਆ ਅਸਰ ਰਿਹਾ ਹੈ ਜਿਸ ਕਾਰਨ ਸਰਕਾਰੀ ਖੇਤਰ ਦੀਆਂ ਬੈਂਕਾਂ ਵਿਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਜਦਕਿ ਕੁਝ ਰਾਜਾਂ ਵਿਚ ਟਰਾਂਸਪੋਰਟ ਸੇਵਾਵਾਂ 'ਤੇ ਮਾੜਾ ਅਸਰ ਪਿਆ। ਭਾਵੇਂ ਹੜਤਾਲ ਕਾਰਨ ਕੇਰਲਾ, ਉੜੀਸਾ ਅਤੇ ਤ੍ਰਿਪੁਰਾ ਵਰਗੇ ਰਾਜਾਂ ਵਿਚ ਹੜਤਾਲ ਦਾ ਵਧੇਰੇ ਅਸਰ ਹੋਇਆ ਪਰ ਦਿੱਲੀ, ਮੁੰਬਈ ਅਤੇ ਚੇਨਈ ਵਰਗੇ ਵੱਡੇ ਸ਼ਹਿਰਾਂ ਵਿਚ ਜਨਜੀਵਨ ਆਮ ਵਾਂਗ ਰਿਹਾ ਜਦਕਿ ਪੱਛਮੀ ਬੰਗਾਲ ਜਿਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਵਿਚ ਹੜਤਾਲ ਦਾ ਮਿਲਿਆ ਜੁਲਿਆ ਅਸਰ ਹੋਇਆ ਹੈ। ਪੱਛਮੀ ਬੰਗਾਲ ਵਿਚ ਕੁਝ ਇਲਾਕਿਆਂ ਵਿਚ ਦੁਕਾਨਾਂ, ਬਾਜ਼ਾਰ ਅਤੇ ਵਿਦਿਅਕ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਬੱਸਾਂ ਅਤੇ ਰੇਲ ਗੱਡੀਆਂ ਬਹੁਤ ਹੀ ਘੱਟ ਯਾਤਰੀਆਂ ਨਾਲ ਚਲਦੀਆਂ ਰਹੀਆਂ। ਬੇਹਲਾ ਸਮੇਤ ਤ੍ਰਿਣਮੂਲ ਕਾਂਗਰਸ ਦੇ ਗੜ੍ਹ ਵਾਲੇ ਇਲਾਕਿਆਂ 'ਚ ਦੁਕਾਨਾਂ ਖੁਲ੍ਹੀਆਂ ਰਹੀਆਂ ਅਤੇ ਮੋਟਰ ਗੱਡੀਆਂ ਵੀ ਆਮ ਵਾਂਗ ਚਲਦੀਆਂ ਰਹੀਆਂ। ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਦਿੱਤੀ ਚਿਤਾਵਨੀ ਕਿ ਡਿਊਟੀ ਤੋਂ ਗੈਰਹਾਜ਼ਰੀ ਨੂੰ ਸੇਵਾ ਵਿਚ ਬਰੇਕ ਸਮਝਿਆ ਜਾਵੇਗਾ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਦੇ ਸੂਬਾ ਸਕੱਤਰੇਤ ਰਾਈਟਰਸ ਇਮਾਰਤਾਂ ਵਿਚ ਹਾਜ਼ਰੀ 65 ਫ਼ੀਸਦੀ ਰਹੀ। ਕੇਂਦਰੀ ਟਰੇਡ ਯੂਨੀਅਨਾਂ ਨੇ ਕ੍ਰਿਤ ਹੱਕਾਂ ਦੀ ਗਰੰਟੀ, ਮਜ਼ਦੂਰ ਠੇਕਾ ਪ੍ਰਣਾਲੀ ਖਤਮ ਕਰਨ, ਗੈਰਜਥੇਬੰਦਕ ਖੇਤਰ ਦੇ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੇ ਘੇਰੇ ਹੇਠ ਲਿਆਉਣ ਅਤੇ ਸਾਰੇ ਕਾਮਿਆਂ ਨੂੰ ਪੈਨਸ਼ਨ ਲਾਭ ਦੇਣ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਵਿਚ ਹੜਤਾਲ ਦਾ ਮਾਮੂਲੀ ਅਸਰ ਹੋਇਆ ਅਤੇ ਉਥੇ ਸਿਰਫ ਵਿਤੀ ਸੇਵਾਵਾਂ ਪ੍ਰਭਾਵਤ ਹੋਈਆਂ। ਬੈਂਕਾਂ ਅਤੇ ਬੀਮਾ ਖੇਤਰ ਜਿਥੇ ਟਰੇਡ ਯੂਨੀਅਨਾਂ ਦਾ ਪੂਰਾ ਦਬਦਬਾ ਹੈ ਨੂੰ ਛੱਡ ਕੇ ਮਹਾਂਨਗਰ 'ਚ
ਆਮ ਜਨਜੀਵਨ 'ਤੇ ਕੋਈ ਅਸਰ ਨਹੀਂ ਹੋਇਆ ਕਿਉਂਕਿ ਜ਼ਰੂਰੀ ਸੇਵਾਵਾਂ ਖਾਸਕਰ ਸਰਕਾਰੀ ਟਰਾਂਸਪੋਰਟ ਆਮ ਵਾਂਗ ਚਲਦੀ ਰਹੀ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਸ਼ਵਾਸ਼ ਉਤਾਗੀ ਨੇ ਦਾਅਵਾ ਕੀਤਾ ਕਿ ਬੈਂਕਾਂ ਅਤੇ ਵਿਤੀ ਸੰਸਥਾਵਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਕਲੀਰਿੰਗ ਹਾਊਸ ਬੰਦ ਰਹੇ ਜਿਸ ਕਾਰਨ ਨਿੱਜੀ ਅਤੇ ਵਿਦੇਸ਼ੀ ਬੈਂਕਾਂ ਜਿਥੇ ਸਾਡੀ ਮੌਜੂਦਗੀ ਵੀ ਨਹੀਂ ਵੀ ਪ੍ਰਭਾਵਿਤ ਹੋਈਆਂ। ਦਿੱਲੀ ਵਿਚ ਹੜਤਾਲ ਨਾਲ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ ਅਤੇ ਵੱਡੀ ਗਿਣਤੀ ਵਿਚ ਆਟੋ ਚਾਲਕਾਂ ਅਤੇ ਟੈਕਸੀ ਡਰਾਈਵਰਾਂ ਨੇ ਹੜਤਾਲ ਵਿਚ ਹਿੱਸਾ ਲੈਂਦਿਆਂ ਆਪਣੇ ਆਟੋ ਅਤੇ ਟੈਕਸੀਆਂ ਸੜਕਾਂ ਤੋਂ ਦੂਰ ਰੱਖੀਆਂ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਬੈਂਕਾਂ ਤੇ ਟਰਾਂਪੋਰਟ ਖੇਤਰ ਦਾ ਕੰਮਕਾਜ ਪ੍ਰਭਾਵਿਤ ਰਿਹਾ। ਇਸ ਖੇਤਰ ਦੇ ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕਈ ਰੂਟਾਂ 'ਤੇ ਬੱਸਾਂ ਨਹੀਂ ਚੱਲੀਆਂ ਅਤੇ ਅਧਿਕਾਰੀ ਮੁਲਾਜ਼ਮਾਂ ਨੂੰ ਹੜਤਾਲ 'ਚ ਸ਼ਾਮਿਲ ਨਾ ਹੋਣ ਲਈ ਮਨਾਉਂਦੇ ਰਹੇ। ਵੱਡੀਆਂ ਬੈਂਕ ਯੂਨੀਅਨਾਂ ਦੀ ਹੜਤਾਲ ਕਾਰਨ ਦੋਵਾਂ ਰਾਜਾਂ ਵਿਚ ਸਰਕਾਰੀ ਖੇਤਰ ਦੀਆਂ ਬੈਕਾਂ ਦੀਆਂ ਸਾਰੀਆਂ ਸ਼ਖਾਵਾਂ ਵਿਚ ਕੰਮਕਾਜ ਠੱਪ ਰਿਹਾ। ਕੇਰਲਾ ਵਿਚ ਹੜਤਾਲ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ ਕਿਉਂਕਿ ਬੱਸਾਂ ਸੜਕਾਂ 'ਤੇ ਨਹੀਂ ਚੱਲੀਆਂ ਅਤੇ ਦੁਕਾਨਾਂ ਬੰਦ ਰਹੀਆਂ। ਹੜਤਾਲ ਨੇ ਬੈਂਕਾਂ ਅਤੇ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਤ ਕੀਤਾ ਕਿਉਂਕਿ ਸੂਬੇ ਵਿਚ ਖੱਬੇ ਪੱਖੀ ਯੂਨੀਅਨਾਂ ਕੇਂਦਰ ਵਿਖੇ ਸਾਂਝਾ ਪ੍ਰਗਤੀਸ਼ੀਲ ਸਰਕਾਰ ਵਲੋਂ ਆਰਥਿਕ ਉਦਾਰੀਕਰਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਹੜਤਾਲ 'ਚ ਸ਼ਾਮਿਲ ਸਨ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਹੜਤਾਲ ਖਿਲਾਫ ਕੰਮ ਨਹੀਂ ਤਾਂ ਤਨਖਾਹ ਨਹੀਂ ਦਾ ਹੁਕਮ ਲਾਗੂ ਕੀਤਾ ਹੈ। ਪੱਛਮੀ ਬੰਗਾਲ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ ਰੇਲ ਅਤੇ ਸੜਕੀ ਆਵਾਜਾਈ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ 100 ਹੜਤਾਲ ਪੱਖੀ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੜਤਾਲ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਹੋਈ ਝੜਪ ਵਿਚ ਗਾਂਗੁਲੀ ਬਗਾਨ ਇਲਾਕੇ ਵਿਚ ਇਕ ਟੀ ਵੀ ਨਿਊਜ਼ ਚੈਨਲ ਦੇ ਰਿਪੋਰਟਰ 'ਤੇ ਹਮਲਾ ਕੀਤਾ ਗਿਆ ਹੈ।
1700 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਰਿਹਾ ਬੈਂਕਾਂ ਦਾ
ਨਹੀਂ ਹੋ ਸਕਿਆ ਚੈੱਕਾਂ ਤੇ ਨਕਦੀ ਦਾ ਲੈਣ-ਦੇਣਬੱਸ ਅੱਡਿਆਂ ਨੂੰ ਵੀ ਨਹੀਂ ਮਿਲੀ ਦੋ ਘੰਟੇ ਦੀ ਫ਼ੀਸ
ਜਲੰਧਰ, 28 ਫਰਵਰੀ (ਸ਼ਿਵ)-ਕੌਮੀ ਟਰੇਡ ਯੂਨੀਅਨਾਂ ਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ਵਿਚ ਦਿੱਤੇ ਹੜਤਾਲ ਦੇ ਸੱਦੇ ਕਾਰਨ ਬੈਂਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਰਿਹਾ। ਬੈਂਕਾਂ ਵਿਚ 1000 ਕਰੋੜ ਦਾ ਜਿੱਥੇ ਨਕਦ ਲੈਣ-ਦੇਣ ਨਾ ਹੋ ਸਕਿਆ ਸਗੋਂ 700 ਕਰੋੜ ਰੁਪਏ ਦੇ ਕਰੀਬ ਚੈੱਕਾਂ ਦੀ ਕਲੀਅਰਿੰਗ ਵੀ ਨਹੀਂ ਹੋ ਸਕੀ ਸੀ। ਹੜਤਾਲ ਨਾਲ ਜਿਥੇ ਬੈਂਕਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਉਥੇ ਅਜੇ ਰਾਜ ਭਰ ਦੇ ਬੱਸ ਅੱਡਿਆਂ 'ਤੇ 2 ਘੰਟੇ ਤੱਕ ਬੱਸਾਂ ਵੀ ਅੰਦਰ ਨਹੀਂ ਗਈਆਂ ਜਿਸ ਕਾਰਨ ਲੱਖਾਂ ਰੁਪਏ ਦੇ ਕਰੀਬ ਅੱਡਾ ਫ਼ੀਸ ਸਰਕਾਰ ਤੇ ਨਿੱਜੀ ਕੰਪਨੀਆਂ ਨੂੰ ਪ੍ਰਾਪਤ ਨਹੀਂ ਹੋ ਸਕੀ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਵੀ ਅੱਜ ਹੜਤਾਲ ਦਾ ਸੱਦਾ ਦਿੱਤਾ ਸੀ।
No comments:
Post a Comment