ਲੰਡਨ, 8 ਫਰਵਰੀ - ਰਵਾਇਤੀ ਤੌਰ 'ਤੇ ਘਰਾਂ ਵਿਚ ਸੋਨੇ ਦੇ ਗਹਿਣੇ ਰੱਖਣ ਲਈ ਜਾਣੇ ਜਾਂਦੇ ਭਾਰਤੀ ਉਪ ਮਹਾਂਦੀਪ ਨਾਲ ਸਬੰਧਿਤ ਲੋਕ ਅੱਜ-ਕੱਲ੍ਹ ਬਰਤਾਨੀਆ ਵਿਚ ਖਾਸ ਸੋਨੇ ਦੇ ਚੋਰਾਂ ਦਾ ਸ਼ਿਕਾਰ ਹੋ ਰਹੇ ਹਨ। ਇਹ ਚੋਰ ਮੈਟਲ ਡਿਟੈਕਟਰਾਂ ਨਾਲ ਲੈਸ ਹੁੰਦੇ ਹਨ ਅਤੇ ਸੋਨੇ ਦੀ ਸ਼ੁੱਧਤਾ ਦੀ ਵੀ ਚੰਗੀ ਜਾਣਕਾਰੀ ਰੱਖਦੇ ਹਨ। ਏਸ਼ਿਆਈ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਘਰਾਂ ਵਿਚ ਸੋਨੇ ਸਬੰਧੀ ਚੋਰੀ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ। ਇਹ ਸ਼ਿਕਾਇਤਾਂ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਬਰਮਿੰਘਮ, ਸਲੋਅ, ਈਲਿੰਗ, ਲਿਸੈਸਟਰ, ਰੀਡਿੰਗ ਅਤੇ ਬਰੋਡ ਫੋਰਡ ਆਦਿ ਤੋਂ ਆਈਆਂ ਹਨ ਜਿਸ ਕਾਰਨ ਪੁਲਿਸ ਅਤੇ ਸਥਾਨਕ ਕੌਂਸਲਰਾਂ ਨੂੰ ਇਨ੍ਹਾਂ ਸ਼ਹਿਰਾਂ ਵਿਚ ਲੋਕਾਂ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣੀ ਪਈ ਹੈ। ਗੌਰਤਲਬ ਹੈ ਕਿ ਏਸ਼ਿਆਈ ਲੋਕਾਂ ਦੇ ਘਰਾਂ ਵਿਚਲਾ ਸੋਨਾ ਬਹੁਤ ਹੀ ਸ਼ੁੱਧ ਅਤੇ ਉੱਚ ਕੁਆਲਿਟੀ ਦਾ ਸਮਝਿਆ ਜਾਂਦਾ ਹੈ ਜਿਸ ਕਾਰਨ ਚੋਰ ਇਸ ਨੂੰ ਜ਼ਿਆਦਾ ਪਸੰਦ ਕਰਦੇ ਹਨ। ਲਿਸੈਸਟਰ, ਬਰਮਿੰਘਮ ਅਤੇ ਮਾਨਚੈਸਟਰ ਵਰਗੇ ਸ਼ਹਿਰਾਂ ਵਿਚ ਘਰ ਹੀ ਨਹੀਂ ਸਗੋਂ ਗਹਿਣਿਆਂ ਦੀਆਂ ਸੈਂਕੜੇ ਦੁਕਾਨਾਂ ਵੀ ਇਨ੍ਹਾਂ ਚੋਰਾਂ ਤੇ ਸੰਨ੍ਹਮਾਰਾਂ ਦਾ ਸ਼ਿਕਾਰ ਬਣ ਚੁੱਕੀਆਂ ਹਨ। ਇਸ ਵੇਲੇ ਇਥੇ ਸੋਨੇ ਦੀ ਕੀਮਤ ਪ੍ਰਤੀ ਔਂਸ 1100 ਪੌਂਡ ਚੱਲ ਰਹੀ ਹੈ। ਲਿਸੈਸਟਰ ਦਾ ਬੈਲਗਰੇਵ ਰੋਡ ਭਾਰਤੀਆਂ ਦੀ ਬਹੁਤਾਤ ਅਤੇ ਗਹਿਣਿਆਂ ਦੀਆਂ ਦੁਕਾਨਾਂ ਕਾਰਨ 'ਲਿਟਲ ਇੰਡੀਆ' ਅਤੇ 'ਗੋਲਡਨ ਮਾਈਲ' ਵਜੋਂ ਜਾਣਿਆ ਜਾਂਦਾ ਹੈ, ਜਿਥੇ ਹਾਲੀਆ ਸਮੇਂ ਦੌਰਾਨ ਅਨੇਕਾਂ ਚੋਰੀਆਂ ਹੋਈਆਂ ਹਨ।
No comments:
Post a Comment