Citizenship Certificate |
ਟੋਰਾਂਟੋ, 8 ਫਰਵਰੀ - ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਬਿਨੈਕਾਰ ਲਈ ਦੇਸ਼ ਅੰਦਰ ਨਿਰਧਾਰਤ ਤਿੰਨ ਸਾਲ ਦੀ ਠਹਿਰ ਸਬੰਧੀ ਗ਼ਲਤ ਜਾਣਕਾਰੀ ਦੇ ਕੇ ਨਾਗਰਿਕਤਾ ਪ੍ਰਾਪਤ ਕਰਨ ਦਾ ਪਿਛਲੇ ਵਰ੍ਹੇ ਇਕ ਵੱਡਾ ਸਕੈਂਡਲ ਸਾਹਮਣੇ ਆਉਣ 'ਤੇ ਨਾਗਰਿਕਤਾ ਤੇ ਆਵਾਸ ਮੰਤਰਾਲੇ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਵਲ਼ੋਂ ਸਾਂਝੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਨਾਗਰਿਕਤਾ ਤੇ ਆਵਾਸ ਮੰਤਰਾਲੇ ਵਲ਼ੋਂ ਜਾਰੀ ਸੂਚਨਾ ਅਨੁਸਾਰ ਕਰੀਬ 6500 ਦੇ ਕਰੀਬ ਅਜਿਹੇ ਮਾਮਲਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 2100 ਨਾਗਰਿਕਾਂ ਦੀ ਗ਼ਲਤ ਜਾਣਕਾਰੀ ਮੁਹੱਈਆ ਕਰਨ ਕਾਰਨ ਨਾਗਰਿਕਤਾ ਰੱਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੰਤਰਾਲੇ ਵਲ਼ੋਂ ਨਾਗਰਿਕਤਾ ਬਿਨੈ-ਪੱਤਰਾਂ ਦੀ ਬਰੀਕੀ ਨਾਲ ਕੀਤੀ ਜਾ ਰਹੀ ਘੋਖ ਕਾਰਨ 1400 ਦੇ ਕਰੀਬ ਬਿਨੈਕਾਰਾਂ ਵਲ਼ੋਂ ਆਪਣੇ ਬਿਨੈ ਪੱਤਰ ਵਾਪਸ ਲੈ ਲਏ ਗਏ ਹਨ। ਜ਼ਿਕਰਯੋਗ ਹੈ ਕਿ ਕੁੱਝ ਜਾਅਲਸਾਜ਼ ਇਮੀਗਰੇਸ਼ਨ ਸਲਾਹਕਾਰਾਂ ਵਲ਼ੋਂ 100 ਦੇ ਕਰੀਬ ਦੇਸ਼ਾਂ ਨਾਲ ਸਬੰਧਿਤ ਕੈਨੇਡਾ ਦੇ ਆਵਾਸੀਆਂ ਨੂੰ ਜੋ ਕਿਸੇ ਕਾਰਨ ਕੈਨੇਡਾ ਤੋਂ ਬਾਹਰ ਆਪਣੇ ਪਿਤਰੀ ਦੇਸ਼ਾਂ ਵਿਚ ਰਹਿਣ ਕਾਰਨ ਕੈਨੇਡਾ ਦੀ ਨਾਗਰਿਕਤਾ ਲਈ ਦੇਸ਼ ਅੰਦਰ ਤਿੰਨ ਸਾਲ ਦੀ ਠਹਿਰ ਦੀ ਨਿਰਧਾਰਿਤ ਸ਼ਰਤ ਪੂਰੀ ਨਹੀਂ ਕਰਦੇ ਸਨ, ਨੂੰ ਜਾਅਲੀ ਸਿਰਨਾਵੇਂ ਮੁਹੱਈਆ ਕਰਵਾ ਕੇ ਨਾਗਰਿਕਤਾ ਦਿਵਾਉਣ ਬਦਲੇ ਮੋਟੀ ਕਮਾਈ ਕੀਤੀ ਜਾ ਰਹੀ ਸੀ। ਇਮੀਗਰੇਸ਼ਨ ਮੰਤਰੀ ਮਿ: ਜੇਸਨ ਕੇਨੀ ਅਨੁਸਾਰ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਨਿਰਧਾਰਤ ਸ਼ਰਤਾਂ ਸਬੰਧੀ ਗ਼ਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉੇਨ੍ਹਾਂ ਕਿਹਾ ਕੈਨੇਡਾ ਦੀ ਨਾਗਰਿਕਤਾ ਵਿਕਾਊ ਨਹੀਂ ਹੈ।
No comments:
Post a Comment