ਸੰਗਰੂਰ, 28 ਫਰਵਰੀ - ਸਰਕਾਰੀ ਹਾਈ ਸਕੂਲ ਰਾਜੋਮਾਜਰਾ ਵਿਖੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ 23ਵਾਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਨ. ਆਰ. ਆਈ. ਸਭਾ ਕੈਨੇਡਾ ਦੇ ਪ੍ਰਧਾਨ ਨੇ ਸਮਾਜ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਨਸ਼ਿਆਂ ਨੂੰ ਰੋਕਣ ਲਈ ਨਸ਼ਿਆਂ ਵਿਰੂੱਧ ਅਵਾਜ਼ ਬੁਲੰਦ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਨਸ਼ਿਆਂ ਦੇ ਅਸਰ ਹੇਠ ਨਪੁੰਸਕ ਬਣ ਰਹੇ ਗੱਭਰੂ, ਸਕੂਲ-ਕਾਲਜੋਂ ਭੱਜਦੇ ਬੱਚੇ, ਟੁੱਟਦੇ ਘਰ, ਹਾਦਸਿਆਂ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ 'ਚ ਹੋ ਰਿਹਾ ਲਗਾਤਾਰ ਵਾਧਾ ਸੰਕੇਤ ਦਿੰਦਾ ਹੈ ਕਿ ਅਗਲੇ 15 ਸਾਲਾਂ ਬਾਅਦ ਵਿਧਵਾ ਔਰਤਾਂ ਦੀ ਗਿਣਤੀ 'ਚ ਨਾ ਸਹਿਣਯੋਗ ਵਾਧਾ ਹੋਵੇਗਾ ਅਤੇ ਜੇ ਅਸੀਂ ਹੁਣ ਵੀ ਨਸ਼ਿਆਂ ਵਿਰੁੱਧ ਨਾ ਜਾਗੇ ਤਾਂ ਸਾਨੂੰ ਫਿਰ ਕਦੇ ਵੀ ਜਾਗਣ ਦੀ ਲੋੜ ਨਹੀਂ ਰਹੇਗੀ। ਇਸ ਮੌਕੇ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅੱਜ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਹਨ ਕਿ ਕਾਲਜਾਂ 'ਚ ਪੜ੍ਹਦੇ 70 ਫੀਸਦੀ ਮੁੰਡੇ ਅਤੇ 30 ਫੀਸਦੀ ਕੁੜੀਆਂ ਨਸ਼ਿਆਂ ਦੇ ਵਹਿਣ ਵਿੱਚ ਵਹਿ ਚੁੱਕੇ ਹਨ ਅਤੇ ਸੱਤਵੀਂ ਕਲਾਸ 'ਚ ਪੜ੍ਹਦੇ ਬੱਚੇ ਵੀ ਨਸ਼ਾ ਛੱਡਣ ਲਈ ਕੇਂਦਰ 'ਚ ਭਰਤੀ ਹੋਣ ਆਉਂਦੇ ਹਨ। ਸਿਵਲ ਹਸਪਤਾਲ ਸੰਗਰੂਰ ਵਿਖੇ ਤਾਇਨਾਤ ਮਾਨਸਿਕ ਰੋਗਾਂ ਦੇ ਮਾਹਿਰ ਡਾ. ਬਲਵੰਤ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ ਅਤੇ ਇਸ ਲਈ ਪਰਪੱਕ ਇਰਾਦੇ ਨਾਲ ਬੱਚਿਆਂ ਨੂੰ ਚੇਤਨ ਕਰਦਿਆਂ ਨਸ਼ਿਆਂ ਵਿਰੁੱਧ ਚੌਪਾਸੜ ਲੜਾਈ ਲੜ੍ਹਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨਾ ਜਰੂਰੀ ਹੈ। ਸੈਮੀਨਾਰ ਦੌਰਾਨ ਸਕੂਲ ਦੇ ਅਧਿਆਪਕ ਅਮਰੀਕ ਸਿੰਘ ਗਾਗਾ ਦੀ ਨਿਰਦੇਸ਼ਨਾ ਹੇਠ ਨਸ਼ਿਆਂ ਤੇ ਚੋਟ ਕਰਦੇ ਸਕਿੱਟ ਦੈਂਤ ਅਤੇ ਨਾਟਕ ਲੋਕਤੰਤਰ ਦਾ ਮੰਤਰ ਦੇ ਸਫ਼ਲ ਮੰਚਨ ਰਾਹੀਂ ਬੱਚਿਆਂ ਨੂੰ ਨਸ਼ਿਆਂ ਵਿਰੂੱਧ ਜਾਗੂਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੋਰਨਾਂ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕਾ ਨੇ ਵੀ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗੂਰਕ ਕਰਦਿਆਂ ਨਸ਼ਾ ਰਹਿਤ ਰਹਿਣ ਦੀ ਸਹੁੰ ਚੁਕਾਈ ਅਤੇ ਪੜ੍ਹਾਈ ਦੇ ਖੇਤਰ 'ਚ ਵਧੀਆਂ ਨੰਬਰ ਲੈਣ ਵਾਲੇ ਵਿਦਿਆਰਥੀਆਂ ਅਤੇ ਨਾਟਕਾਂ 'ਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ।
No comments:
Post a Comment