ਮਿਸ਼ੀਗਨ ਗੁਰਦੁਆਰੇ ਦੀ ਕੰਧ 'ਤੇ ਮੁਸਲਿਮ ਵਿਰੋਧੀ ਲਿਖੇ ਨਾਅਰਿਆਂ ਦਾ ਦ੍ਰਿਸ਼।
ਵਾਸ਼ਿੰਗਟਨ, 8 ਫਰਵਰੀ - ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਹਿੰਸਕ ਭੰਨ ਤੋੜ ਕਰਦਿਆਂ ਨਸਲੀ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਉਸਾਰੀ ਅਧੀਨ ਗੁਰਦੁਆਰੇ ਦੀ ਕੰਧ 'ਤੇ ਮੁਸਲਿਮ ਭਾਈਚਾਰੇ ਖਿਲਾਫ਼ ਨਾਅਰੇ ਲਿਖ ਦਿੱਤੇ ਤੇ ਉਥੇ ਪਏ ਸਾਮਾਨ ਦੀ ਭੰਨ ਤੋੜ ਕੀਤੀ। ਪੁਲਿਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਨੁਸਾਰ ਇਹ ਘਟਨਾ 5 ਫਰਵਰੀ ਦੀ ਹੈ ਜਦੋਂ ਉਸਾਰੀ ਅਧੀਨ ਸਟਰਲਿੰਗ ਹਾਈਟਸ ਸਿਟੀ ਆਫ਼ ਆਫ਼ ਮਿਸ਼ੀਗਨ ਵਿਚ ਕੁਝ ਸ਼ਰਾਰਤੀਆਂ ਨੇ ਤੋੜ-ਫੋੜ ਕਰਨ ਪਿਛੋਂ ਮੁਸਲਿਮ ਭਾਈਚਾਰੇ ਖਿਲਾਫ਼ ਨਾਅਰੇ ਲਿਖ ਦਿੱਤੇ ਅਤੇ ਅਮਰੀਕਾ 'ਤੇ 9 /11 ਦੇ ਅੱਤਵਾਦੀ ਹਮਲੇ ਨੂੰ ਦਰਸਾਉਂਦੇ ਹੋਏ ਵੱਡੀਆਂ ਬੰਦੂਕਾਂ ਦੇ ਚਿੱਤਰ ਵੀ ਬਣਾ ਦਿੱਤੇ। ਅਮਰੀਕਾ ਵਿਚ ਇਹ ਮਾਮਲਾ ਹੁਣ ਭੰਨ-ਤੋੜ ਨਾਲੋਂ ਵਧੇਰੇ ਤੂਲ ਫੜਦਾ ਜਾ ਰਿਹਾ ਹੈ। 'ਦ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ' ਨੇ ਇਸ ਘਟਨਾ ਨੂੰ ਨਫ਼ਰਤ ਪੈਦਾ ਕਰਨ ਵਾਲੀ ਹਿੰਸਕ ਕਾਰਵਾਈ ਕਰਾਰ ਦਿੰਦਿਆਂ ਇਸ ਖਿਲਾਫ਼ ਸਥਾਨਕ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਗੁਰਦੁਆਰੇ ਦੀ ਕੰਧ 'ਤੇ ਧਾਰਮਿਕ ਦ੍ਰਿਸ਼ਟੀ ਤੋਂ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਕੌਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ਨਜ਼ ਅਤੇ ਅਮਰੀਕਨ ਯਹੂਦੀਆਂ ਦੀ ਕਮੇਟੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਮੁਸਲਿਮ ਕੌਂਸਲ ਦੇ ਕਾਰਜਕਾਰੀ ਨਿਰਦੇਸ਼ਕ ਦਾਉਦ ਵਾਲਿਦ ਨੇ ਕਿਹਾ ਕਿ ਗੁਰਦੁਆਰੇ ਦੀ ਕੰਧ 'ਤੇ ਕੀਤੀ ਇਸ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ। ਜ਼ਿਕਰਯੋਗ ਹੈ ਕਿ ਉਕਤ ਗੁਰਦੁਆਰੇ ਦੀ ਚੱਲ ਰਹੀ ਉਸਾਰੀ ਗਰਮੀਆਂ ਵਿਚ ਮੁਕੰਮਲ ਹੋਣ ਦੀ ਆਸ ਹੈ। ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਪ੍ਰਾਜੈਕਟ 2007 ਵਿਚ ਸਿੱਖ ਸੁਸਾਇਟੀ ਆਫ਼ ਮਿਸ਼ੀਗਨ ਨੇ ਸ਼ੁਰੂ ਕੀਤਾ ਸੀ।
No comments:
Post a Comment