ਲੰਦਨ, 28 ਫਰਵਰੀ - ਡੈਵਿਡ ਕੈਮਰੂਨ ਸਰਕਾਰ ਦੀਆਂ ਵਿਦਿਅਕ ਯੋਜਨਾਵਾਂ ਤਹਿਤ ਸਿੱਖ ਬੱਚਿਆਂ ਲਈ ਛੇਤੀ ਹੀ ਹੋਰ ਮੁਫ਼ਤ ਸਕੂਲ ਖੋਲ੍ਹੇ ਜਾਣਗੇ ਤਾਂ ਜੋ ਧਾਰਮਿਕ ਘੱਟ-ਗਿਣਤੀਆਂ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮਾਮਲਿਆਂ ਦੀ ਪੂਰਤੀ ਲਈ ਸੰਸਥਾਵਾਂ ਚਲਾ ਸਕਣ। ਮੁਫ਼ਤ ਸਕੂਲ ਸਰਕਾਰ ਦੀਆਂ ਨਵੀਆਂ ਨੀਤੀਆਂ ਦਾ ਹਿੱਸਾ ਹੈ ਜਿਸ ਤਹਿਤ ਮਾਪੇ, ਚੈਰਿਟੀ ਸੰਗਠਨ ਅਤੇ ਧਾਰਮਿਕ ਗਰੁੱਪ ਇਹ ਸਕੂਲ ਸਥਾਪਤ ਕਰ ਸਕਣਗੇ। ਉਨ੍ਹਾਂ ਨੂੰ ਸਰਕਾਰ ਵਲੋਂ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਉਨ੍ਹਾਂ ਲਈ ਕੌਮੀ ਪਾਠਕ੍ਰਮ ਪੜ੍ਹਾਉਣਾ ਲਾਜ਼ਮੀ ਨਹੀਂ ਹੋਵੇਗਾ ਪਰ ਉਨ੍ਹਾਂ ਨੂੰ ਖੁੱਲ੍ਹੀ ਅਤੇ ਸੰਤੁਲਿਤ ਸਿੱਖਿਆ ਮੁਹੱਈਆ ਕਰਨੀ ਪਵੇਗੀ। ਸਿੱਖਾਂ, ਹਿੰਦੂਆਂ ਅਤੇ ਦੂਸਰੇ ਧਰਮਾਂ ਦੇ ਬੱਚਿਆਂ ਲਈ ਬਹੁ-ਧਰਮੀ ਸਕੂਲ ਪਹਿਲਾਂ ਹੀ ਮੌਜੂਦ ਹਨ ਕਿਉਂਕਿ ਸਰਕਾਰ ਨੇ ਆਲੋਚਨਾ ਦੇ ਬਾਵਜੂਦ ਇਹ ਨੀਤੀ ਲਾਗੂ ਕਰ ਦਿੱਤੀ ਹੈ। ਬਰਮਿੰਘਮ ਵਿਚ ਪ੍ਰਾਇਮਰੀ ਬੱਚਿਆਂ ਦੀ ਪੜ੍ਹਾਈ ਲਈ ਤਾਜ਼ਾ ਸਿੱਖ ਮੁਫ਼ਤ ਸਕੂਲ ਸਤੰਬਰ 2011 ਵਿਚ ਖੋਲ੍ਹਿਆ ਗਿਆ ਸੀ। ਇਸ ਨੂੰ ਨਿਸ਼ਕਾਮ ਪ੍ਰਾਇਮਰੀ ਸਕੂਲ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਨਿਸ਼ਕਾਮ ਸਕੂਲ ਟਰੱਸਟ ਵਲੋਂ ਸ਼ੁਰੂ ਕੀਤਾ ਗਿਆ ਹੈ। ਸੋਹੋ ਰੋਡ ਵਿਚ ਸਕੂਲ ਨੂੰ ਇਕ ਗੁਰਦੁਆਰਾ ਸਾਹਿਬ ਨਾਲ ਜੋੜਿਆ ਗਿਆ ਹੈ। ਵਿੱਦਿਆ ਵਿਭਾਗ ਮੁਤਾਬਿਕ ਨਿਸ਼ਕਾਮ ਸਕੂਲ ਦਾ ਦੂਸਰਾ ਸੈਕਸ਼ਨ ਇਸ ਸਾਲ ਦੇ ਆਖਰ 'ਚ ਖੋਲ੍ਹਿਆ ਜਾਵੇਗਾ। ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਸਕੂਲ ਲਿਸਟਰ, ਲੀਡਸ ਅਤੇ ਸਮੇਥਵਿਕ ਵਿਚ ਵੀ ਖੋਲ੍ਹੇ ਜਾਣ।
No comments:
Post a Comment