ਐਡਮਿੰਟਨ, 27 ਮਾਰਚ - ਅਲਬਰਟਾ ਦੀ 28ਵੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਦਾ ਬਿਗੁਲ ਵੱਜ ਚੁੱਕਾ ਹੈ। ਇਸ ਚੋਣ ਦੇ ਮੱਦੇਨਜ਼ਰ ਅਲਬਰਟਾ 'ਚ ਜਿੱਥੇ ਪੰਜਾਬੀ ਉਮੀਦਵਾਰਾਂ ਨੇ ਕਮਰਕੱਸੇ ਕਰ ਲਏ ਹਨ, ਉਥੇ ਉਨ੍ਹਾਂ ਦੇ ਹਮਾਇਤੀਆਂ ਨੇ ਵੀ ਚੋਣ ਪ੍ਰਚਾਰ ਲਈ ਤਿਆਰੀਆਂ ਕਰ ਲਈਆਂ ਹਨ। ਇਸ ਸਮੇਂ ਅਲਬਰਟਾ ਅਸੰਬਲੀ 'ਚ 5 ਪੰਜਾਬੀ ਵਿਧਾਇਕ ਹਨ, ਜਿਨ੍ਹਾਂ ਵਿਚ ਤਿੰਨ ਸੱਤਾਧਾਰੀ ਪਾਰਟੀ ਨਾਲ ਅਤੇ ਦੋ ਲਿਬਰਲ ਪਾਰਟੀ ਨਾਲ ਸੰਬੰਧਿਤ ਹਨ। ਸੱਤਾਧਾਰੀ ਪਾਰਟੀ ਦੇ ਤਿੰਨ ਪੰਜਾਬੀ ਵਿਧਾਇਕਾਂ ਵਿਚ ਸਰਕਾਰ ਵਿਚ ਇਕ ਮੰਤਰੀ ਹੈ ਅਤੇ ਇਕ ਪਾਰਲੀਮੈਂਟਰੀ ਸਕੱਤਰ ਦੇ ਅਹੁਦੇ 'ਤੇ ਹੈ। ਡਾ: ਰਾਜ ਸ਼ਰਮਨ ਪੰਜਾਬੀ ਐਮ. ਐਲ. ਏ. ਵਿਰੋਧੀ ਧਿਰ ਲਿਬਰਲ ਦਾ ਨਵਾਂ ਨਿਯੁਕਤ ਮੁਖੀ ਹੈ। ਐਡਮਿੰਟਨ ਦੇ ਮੈਨਿੰਗ ਹਲਕੇ ਤੋਂ ਮੌਜੂਦਾ ਐਮ. ਐਲ. ਏ. ਪੀਟਰ ਸੰਧੂ ਅਤੇ ਅਲਰਸਲੀ ਹਲਕੇ ਤੋਂ ਨਰੇਸ਼ ਭਾਰਦਵਾਜ ਦੁਬਾਰਾ ਤੋਂ ਆਪਣਾ ਭਵਿੱਖ ਅਜ਼ਮਾ ਰਹੇ ਹਨ। ਵਰਤਮਾਨ ਸਮੇਂ ਦੌਰਾਨ ਹਾਲ ਦੀ ਘੜੀ ਵਿਚ ਇਨ੍ਹਾਂ ਦੋਵਾਂ ਵਿਧਾਇਕਾਂ ਦੇ ਮੁਕਾਬਲਾ ਦਾ ਕੋਈ ਵਿਰੋਧੀ ਉਮੀਦਵਾਰ ਸਾਹਮਣੇ ਨਹੀਂ ਆਇਆ। ਐਡਮਿੰਟਨ ਮਿਲਵੁਡਜ਼ ਤੋਂ ਪੀ. ਸੀ. ਪਾਰਟੀ ਵੱਲੋਂ ਸੁਹੇਲ ਕਾਦਰੀ ਅਤੇ ਐਡਮਿੰਟਨ ਮੈਡੇਲਾਰਕ ਤੋਂ ਡਾ: ਰਾਜ ਸ਼ਰਮਨ, ਐਡਮਿੰਟਨ ਸੈਂਟਰ ਹਲਕੇ ਤੋਂ ਅਕਾਸ਼ ਖੋਖਰ ਚੋਣ ਮੈਦਾਨ 'ਚ ਹਨ। ਡਾ: ਸ਼ਰਮਨ ਜੋ ਪਿਛਲੀ ਵਾਰ ਪੀ. ਸੀ. ਪਾਰਟੀ ਵੱਲੋਂ ਐਮ. ਐਲ. ਏ. ਬਣ ਕੇ ਵਿਧਾਨ ਸਭਾ 'ਚ ਪੁੱਜੇ ਸਨ ਅਤੇ ਸਿਹਤ ਵਿਭਾਗ ਦੇ ਪਾਰਲੀਮੈਂਟਰੀ ਸਕੱਤਰ ਸਨ ਨੇ ਪਾਰਟੀ ਦੀਆਂ ਸਿਹਤ ਨੀਤੀਆਂ ਨੂੰ ਲੈ ਕੇ ਵਿਧਾਨ ਸਭਾ 'ਚ ਆਵਾਜ਼ ਉਠਾਈ ਸੀ ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ ਤੇ ਉਹ ਬਾਅਦ ਵਿਚ ਲਿਬਰਲ ਪਾਰਟੀ 'ਚ ਚਲੇ ਗਏ ਸਨ ਅਤੇ 10 ਸਤੰਬਰ 2011 ਨੂੰ ਉਹ ਲਿਬਰਲ ਪਾਰਟੀ ਦੇ ਲੀਡਰ ਬਣਕੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣ ਗਏ ਸਨ। ਕੈਲਗਰੀ ਮੈਕਾਲ ਤੋਂ ਮੌਜੂਦਾ ਲਿਬਰਲ ਐਮ. ਐਲ. ਏ. ਦਰਸ਼ਨ ਸਿੰਘ ਕੰਗ, ਇਸੇ ਹਲਕੇ ਤੋਂ ਪੀ. ਸੀ. ਪਾਰਟੀ ਵੱਲੋਂ ਮੁਹੰਮਦ ਰਸੀਦ ਵੀ ਚੋਣ ਲੜ ਰਹੇ ਹਨ। ਮਨਮੀਤ ਭੁੱਲਰ ਜੋ ਕਿ ਅਲਬਰਟਾ ਸਰਕਾਰ 'ਚ ਮੰਤਰੀ ਹਨ ਉਹ ਹਲਕਾ ਕੈਲਗਰੀ ਗਰੀਨ ਵੇਅ ਤੋਂ ਚੋਣ ਲੜ ਰਹੇ ਹਨ। ਕੈਲਗਰੀ ਦੇ ਹਲਕਾ ਕਰੋਸ ਤੋਂ ਹੈਪੀ ਮਾਨ ਵਾਇਲਡ ਰੋਜ਼ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਹਨ।
No comments:
Post a Comment