ਮਿਲਾਨ (ਇਟਲੀ), 11 ਮਾਰਚ - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਲੰਗੇਰੀ ਦੀ ਗੁਰਮੀਤ ਕੌਰ (28) ਪੁੱਤਰੀ ਸ: ਜੋਗਾ ਸਿੰਘ ਜਿਹੜੀ ਕਿ ਇਟਲੀ ਵਿਚ ਜ਼ਿੰਦਗੀ ਦਾ ਸੰਤਾਪ ਭੋਗ ਰਹੀ ਹੈ, ਨੇ ਦੱਸਿਆ ਕਿ ਉਸ ਦਾ ਵਿਆਹ 4 ਫਰਵਰੀ 2007 ਨੂੰ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਰਜਨ ਮਾਂਗਾ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਨਾਲ ਹੋਇਆ। ਉਸ ਦੀ ਮਾਤਾ ਨੇ ਆਪਣੀ ਹੈਸੀਅਤ ਤੋਂ ਵੱਧ ਉਸ ਦੇ ਸਹੁਰੇ ਪਰਿਵਾਰ ਦੀ ਇੱਛਾ ਅਨੁਸਾਰ ਦਹੇਜ ਦਿੱਤਾ, ਪਰ ਸਹੁਰੇ ਪਰਿਵਾਰ ਦਾ ਢਿੱਡ ਨਹੀਂ ਭਰਿਆ ਅਤੇ ਉਨ੍ਹਾਂ ਦੀਆਂ ਮੰਗਾਂ ਕਦੇ ਨਾ ਮੁੱਕੀਆਂ। ਪਤੀ ਹਰਪ੍ਰੀਤ ਸਿੰਘ, ਸਹੁਰਾ ਨਿਰਮਲ ਸਿੰਘ, ਸੱਸ ਸਰਬਜੀਤ ਕੌਰ, ਨਨਾਣ ਜੋਤੀ ਤੇ ਦਿਓਰ ਮਨਪ੍ਰੀਤ ਸਿੰਘ ਉਸ ਨੂੰ ਦਹੇਜ ਲਿਆਉਣ ਲਈ ਅਕਸਰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ। ਵਿਆਹ ਤੋਂ ਪਹਿਲਾਂ ਇਹ ਦੱਸਿਆ ਸੀ ਕਿ ਉਸ ਦਾ ਪਤੀ 12000 ਰੁ: ਮਹੀਨਾ ਕਮਾਉਂਦਾ ਹੈ ਅਤੇ ਉਨ੍ਹਾਂ ਦੇ 12 ਖੇਤ ਹਨ। ਪਰ ਉਸ ਦਾ ਪਤੀ ਸਿਰਫ 6000 ਰੁ: ਮਹੀਨਾ ਕਮਾਉਂਦਾ ਸੀ ਤੇ ਉਨ੍ਹਾਂ ਕੋਲ 1 ਖੇਤ ਵੀ ਜ਼ਮੀਨ ਨਹੀਂ। ਵਿਆਹ ਵੇਲੇ ਜਿਹੜੇ ਗਹਿਣੇ ਗੁਰਮੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਪਾਏ ਉਹ ਉਸ ਦੀ ਸੱਸ ਸਰਬਜੀਤ ਕੌਰ ਨੇ ਡਰਾ-ਧਮਕਾ ਕੇ ਲੈ ਲਏ। ਗੁਰਮੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਨਸ਼ੇ-ਪੱਤੇ ਆਮ ਖਾਂਦਾ ਸੀ, ਜਿਸ ਬਾਰੇ ਉਹ ਆਪਣੇ ਸੱਸ-ਸਹੁਰੇ ਨੂੰ ਹਮੇਸ਼ਾ ਆਖਦੀ ਰਹਿੰਦੀ ਪਰ ਉਸ ਦੀ ਕੋਈ ਨਾ ਸੁਣਦਾ। ਨਸ਼ਿਆਂ ਤੋਂ ਨਿਜਾਤ ਦੁਆਉਣ ਲਈ ਉਸ ਨੇ ਆਪਣੇ ਰਿਸ਼ਤੇਦਾਰਾਂ ਦੀ ਮਿੰਨਤ ਕਰਕੇ ਹਰਪ੍ਰੀਤ ਸਿੰਘ ਨੂੰ ਹਾਂਗਕਾਂਗ ਕੰਮ-ਕਾਰ ਲਈ ਭੇਜਿਆ। ਫਿਰ ਬਾਅਦ ਵਿਚ ਆਪਣੇ ਭਰਾ ਜਿਹੜਾ ਇਟਲੀ ਰਹਿੰਦਾ ਗੁਰਦੇਵ ਸਿੰਘ ਨੂੰ ਇਟਲੀ ਮੰਗਵਾਉਣ ਲਈ ਕਿਹਾ। ਉਸ ਦੇ ਭਰਾ ਨੇ ਸਾਰਾ ਖਰਚ ਆਪਣੇ ਕੋਲੋਂ ਕਰਕੇ ਪਹਿਲਾਂ ਗੁਰਮੀਤ ਕੌਰ ਅਤੇ ਫਿਰ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਇਟਲੀ ਬੁਲਾ ਲਿਆ। ਇਸ ਦੌਰਾਨ ਹੀ ਗੁਰਮੀਤ ਕੌਰ ਦੇ ਪਤੀ ਨੂੰ ਉਸ ਦੇ ਪੇਕੇ ਪਰਿਵਾਰ ਨੇ ਮਲੇਸ਼ੀਆ, ਸਿੰਘਾਪੁਰ ਤੇ ਕਈ ਹੋਰ ਦੇਸ਼ਾਂ ਵਿਚ ਵੀ ਆਪਣੇ ਖਰਚੇ ਨਾਲ ਘੁੰਮਾਇਆ। ਇਟਲੀ ਆ ਕੇ ਹਰਪ੍ਰੀਤ ਸਿੰਘ ਤੇ ਗੁਰਮੀਤ ਕੌਰ ਕੁਝ ਸਮਾਂ ਹੀ ਇਕੱਠੇ ਰਹੇ। ਜਦੋਂ ਹਰਪ੍ਰੀਤ ਸਿੰਘ ਨੂੰ ਇਟਲੀ ਦੇ ਪੱਕੇ ਪੇਪਰ ਮਿਲ ਗਏ ਉਹ ਆਪਣੀ ਘਰ ਵਾਲੀ ਨੂੰ ਧੱਕੇ ਖਾਣ ਲਈ ਛੱਡ ਦੌੜ ਗਿਆ। ਇਸ ਧੱਕੇਸ਼ਾਹੀ ਵਿਰੁੱਧ ਗੁਰਮੀਤ ਕੌਰ ਨੇ ਸੰਨ 2011 ਵਿਚ ਐਨ. ਆਰ. ਆਈ. ਸਭਾ ਦੇ ਇਟਲੀ ਪ੍ਰਧਾਨ ਕੋਲ ਸਹਾਇਤਾ ਲਈ ਬੇਨਤੀ ਕੀਤੀ, ਪਰ ਮਸਲਾ ਹੱਲ ਨਾ ਹੋਇਆ। ਪੰਜਾਬ ਪਹੁੰਚ ਕੇ ਹੀ ਗੁਰਮੀਤ ਕੌਰ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਸਤਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਲੱਲਾ ਅਫ਼ਗਾਨਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਗੁਰਮੀਤ ਕੌਰ ਨੇ ਆਪਣੇ ਨਾਲ ਹੋਈ ਬੇਇਨਸਾਫੀ ਸਬੰਧੀ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕੀਤੀ, ਜਿੱਥੇ ਕਾਫੀ ਜਦੋ-ਜਹਿਦ ਉਪਰੰਤ ਆਖਿਰ ਪੁਲਿਸ ਨੇ ਜਾਂਚ ਪੜਤਾਲ ਵਿਚ ਹਰਪ੍ਰੀਤ ਸਿੰਘ ਨੂੰ ਦੋਸ਼ੀ ਪਾਇਆ ਅਤੇ ਐਫ. ਆਈ. ਆਰ. ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
No comments:
Post a Comment