ਕੈਲੀਫੋਰਨੀਆ, 9 ਮਾਰਚ - ਸੈਂਟਰਲ ਵੈਲੀ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਜੀ. ਐਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਦੁਆਰਾ ਸਲਾਹੁਣਯੋਗ ਉੱਦਮ ਸਦਕਾ ਤੇ ਸਮੂਹ ਪੰਜਾਬੀ ਪਰਿਵਾਰਾਂ ਦੇ ਸਹਿਯੋਗ ਨਾਲ ਵਿਸ਼ੇਸ਼ ਪਲੇਠੀ ਪਰਿਵਾਰਕ ਪਿਕਨਿਕ ਕੀਤੀ ਗਈ। ਜਿਸ ਦੀ ਸਫਲਤਾ ਵਿਚ ਹਜ਼ਾਰਾਂ ਪੰਜਾਬੀ ਲਈ ਚਿੰਤਤ ਪਰਿਵਾਰ ਬੱਚਿਆਂ ਸਮੇਤ ਪਹੁੰਚੇ। ਪਿਕਨਿਕ ਦਾ ਮੁੱਖ ਮਨੋਰਥ ਪੰਜਾਬੀਅਤ ਦਾ ਵਿਕਾਸ ਅਤੇ ਨਵੀਂ ਪੀੜ੍ਹੀ ਨੂੰ ਵੀਡੀਉ ਗੇਮਾਂ ਆਦਿਕ ਘਰ ਦੀ ਚਾਰਦੁਆਰੀ 'ਚੋਂ ਬਾਹਰ ਕੱਢ ਪਰਿਵਾਰਕ ਹੀ ਨਹੀਂ, ਸਗੋਂ ਸਮੁੱਚੀ ਸਮਾਜਿਕ ਸਾਂਝ ਕਾਇਮ ਕਰਨ ਦੇ ਨਾਲ-ਨਾਲ ਅਲੋਪ ਹੋ ਰਹੀਆਂ ਭਾਰਤੀ ਖਾਸਕਰ ਪੰਜਾਬੀ ਪੁਰਾਤਨ ਖੇਡਾਂ ਜਿਵੇਂ ਘੋੜਾ ਕਬੱਡੀ, ਬਾਂਦਰ ਕੀਲਾ, ਗੀਟੇ, ਬੰਟੇ, ਖੋ-ਖੋ, ਕੋਟਲਾ ਸਪਾਕੀ, ਰੁਮਾਲ ਚੁੱਕਣਾ, ਸੱਕਰ ਭਿੱਜੀ, ਸਟਾਪੂ, ਅੱਡਾ ਖੱਡਾ, ਭੰਡਾ ਭੰਡਾਰੀ
ਆਂ ਕਿੰਨਾ ਕੁ ਭਾਰ, ਗੁੱਲੀ ਡੰਡਾ, ਚਾਟੀ ਦੌੜ, ਤਿੰਨ ਟੰਗੀ ਦੌੜ, ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ, ਰੱਸਾਕਸੀ ਆਦਿਕ ਤੋਂ ਇਲਾਵਾ ਮੰਨੋਰੰਜਨ ਲਈ ਗਿੱਧਾ ਅਤੇ ਬਾਬਿਆਂ ਦਾ ਮਲਬਈ ਗਿੱਧਾ ਆਦਿਕ ਤੋਂ ਇਲਾਵਾ ਪੁਰਾਤਨ ਤੇ ਸਦਾ ਬਹਾਰ ਗੀਤਾਂ ਅਤੇ ਉਨ੍ਹਾਂ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਗੁਰਮਤਿ ਮਰਿਯਾਦਾ ਅਨੁਸਾਰ ਅਕੈਡਮੀ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਗਾਇਨ ਕਰਦੇ ਹੋਏ ਕੀਤੀ। ਉਪਰੰਤ ਸ਼ੁਰੂ ਹੋਇਆ ਪੁਰਾਤਨ ਤੇ ਸਦਾ-ਬਹਾਰ ਖੇਡਾਂ ਦਾ ਮੇਲਾ। ਇਸ ਸਮੁੱਚੀ ਪਰਿਵਾਰਿਕ ਪਿਕਨਿਕ ਦਾ ਮਾਹੌਲ ਵੀ ਇਕ ਪੇਂਡੂ ਮੇਲੇ ਜਾਂ ਫਿਰ ਜੋਬਨ 'ਤੇ ਆਏ ਵਿਆਹ ਨਾਲ ਮੇਲ ਖਾਂਦਾ ਸੀ। ਕਿਉਂਕਿ ਮੇਲਾ ਤੇ ਵਿਆਹ ਹੀ ਅਜਿਹੀਆਂ ਦੋ ਪੰਜਾਬੀ ਸੱਭਿਆਚਾਰ ਦੀਆਂ ਰਸ਼ਮਾਂ ਹਨ, ਜਿਥੇ ਬੱਚੇ ਅਤੇ ਬਜ਼ੁਰਗ ਆਪਣੇ ਮਨ ਆਈਆਂ ਕਰਕੇ ਮਨੋਰੰਜਨ ਕਰਦੇ ਹਨ। ਦੋ ਮੰਜੇ ਜੋੜ ਲਾਏ ਲਾਊਂਡ ਸਪੀਕਰ ਪੰਜਾਬ ਦੀ ਪੁਰਾਤਨਤਾ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਇਕ ਪਾਸੇ ਕਿੱਕਲੀ ਪੈ ਰਹੀ ਤਾਂ ਦੂਜੇ ਪਾਸੇ ਖੇਡਾਂ ਦੇ ਦੌਰ ਚਲ ਰਹੇ ਸਨ। ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪਿਕਨਿਕ ਵਿਚ ਹਿੱਸਾ ਲੈਣ ਲਈ ਸਥਾਨਿਕ ਜਥੇਬੰਦੀਆਂ ਨੇ ਵੀ ਪਰਿਵਾਰਾਂ ਸਮੇਤ ਹਾਜ਼ਰੀ ਭਰੀ। ਸਮੂੰਹ ਸਹਿਯੋਗੀਆਂ ਵਿਚ ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ-ਕਰਮਨ ਦੇ ਸਮੂਹ ਮੈਂਬਰਾਂ ਨੇ ਵੀ ਹਿੱਸਾ ਲਿਆ। ਖਾਣਿਆਂ ਦੇ ਸਟਾਲਾਂ ਵਿਚ ਰਾਇਲ ਇੰਡੀਅਨ ਮਾਰਕੀਟ, ਸ਼ਾਨ ਏ ਪੰਜਾਬ ਢਾਬਾ, ਨਿਊ ਇੰਡੀਆ ਸਵੀਟਸ ਐਂਡ ਸਪਾਈਸ ਤੋਂ ਇਲਾਵਾ ਹੋਰ ਪਰਿਵਾਰਾਂ ਨੇ ਵੀ ਖੁੱਲ ਕੇ ਹਿੱਸਾ ਪਾਇਆ ਅਤੇ ਆਪਣੇ ਫਰੀ ਫੂਡ ਦੇ ਸਟਾਲ ਲਾਏ। ਜਿੰਨਾਂ ਦਾ ਅਨੰਦ ਪੰਜਾਬੀਆਂ ਤੋਂ ਬਿਨ੍ਹਾਂ ਗੋਰਿਆ ਨੇ ਮਾਣਿਆ। ਸਮੁੱਚੇ ਪ੍ਰਬੰਧ ਨੂੰ ਸਫਲ ਬਣਾਉਣ ਵਿਚ ਅਕੈਡਮੀ ਦੇ ਮੁੱਖ ਮੈਂਬਰਾਂ ਵਿਚ ਪਰਮਜੀਤ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਸੋਮਲ, ਸੁਖਮਿੰਦਰ ਸਿੰਘ ਸਰੋਏ, ਸੁਖਦੇਵ ਸਿੰਘ ਚੀਮਾ, ਉਦੈਦੀਪ ਸਿੰਘ ਸਿੱਧੂ ਅਤੇ ਰਾਜਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਪਰਮਜੀਤ ਪੰਨੂੰ, ਸ਼ੇਰ ਸਿੰਘ, ਜਗਰੂਪ ਸਿੰਘ ਧਾਲੀਵਾਲ, ਜਤਿੰਦਰਪਾਲ ਮਾਨ, ਤਰਨਜੀਤ ਕੌਰ ਕਲੇਰ, ਸ਼ਗਨ ਧਾਲੀਵਾਲ, ਸੁਖਪ੍ਰੀਤ, ਜਸਪ੍ਰੀਤ, ਪ੍ਰਭਸਿਮਰਨ, ਹਰਮਨ, ਅਮਨ, ਅੰਮ੍ਰਿਤਪਾਲ, ਕਿਰਤ, ਜਸਮਿੰਦਰ ਦੇ ਨਾਂਅ ਵਰਨਣਯੋਗ ਹਨ। ਜਦ ਕਿ ਸਮੁੱਚੇ ਪ੍ਰੋਗਰਾਮ ਦੌਰਾਨ ਰੇਡੀਉ ਹੋਸਟ ਗੁਰਦੀਪ ਸਿੰਘ ਸ਼ੇਰਗਿੱਲ ਨੇ ਵੱਖ-ਵੱਖ ਖੇਡਾਂ ਦੀ ਕੁਮੈਂਟਰੀ ਕਰਦੇ ਹੋਏ ਖੂਬ ਰੰਗ ਬੰਨ੍ਹਿਆ। ਇਸ ਸਮੇਂ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਚਰਨਜੀਤ ਸਿੰਘ ਬਾਠ, ਮਹਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਥਿੰਦ, ਅਵਤਾਰ ਗਿੱਲ, ਹੈਰੀ ਗਿੱਲ, ਰੂਬੀ ਧਾਲੀਵਾਲ (ਮੇਅਰ ਸਨਵਾਕੀਨ), ਰਾਜ ਧਾਲੀਵਾਲ (ਮੈਂਬਰ ਕੌਸ਼ਲ ਕਰਮਨ), ਪ੍ਰੋ: ਅਵਤਾਰ ਸਿੰਘ ਗਿੱਲ, (ਘੋਲੀਆਂ), ਗੁਰਜੀਤ ਸਿੰਘ ਲਿੱਟ, ਪਰਮਜੀਤ ਸਿੰਘ ਲਿੱਟ, ਜਗਦੀਪ ਚਾਹਲ, ਗੁੱਡੀ ਸਿੱਧੂ ਅਤੇ ਸਮੂਹ ਪੰਜਾਬੀ ਸਕੂਲ ਫਰਿਜ਼ਨੋ, ਸੁਖਦੇਵ ਸਿੰਘ ਸਿੱਧੂ, ਰਾਜਿੰਦਰ ਬਰਾੜ ਯਮਲਾ, ਮਨਜੀਤ ਸਿੰਘ ਪੱਤੜ, ਬਾਬਾ ਕਰਤਾਰ ਸਿੰਘ ਨਾਨਕਸਰ, ਰਾਜਿੰਦਰ ਸਿੰਘ ਢੱਲਾ, ਸਿਕੰਦਰ ਸਿੰਘ, ਸਰਬਜੀਤ ਸਿੰਘ ਸਿੰਧੂ, ਦਵਿੰਦਰ ਸਿੰਘ ਖੰਨਾ, ਜਸਵੀਰ ਸਿੰਘ ਗਰੇਵਾਲ, ਡਾ: ਗੁਦਾਵਰ ਸਿੰਘ ਧਾਲੀਵਾਲ, ਨਾਜ਼ਰ ਸਿੰਘ ਕੂਨਰ, ਇੰਦਰਜੀਤ ਸਿੰਘ ਨਾਗਰਾ, ਹਾਕਮ ਸਿੰਘ ਢਿੱਲੋਂ, ਨਾਜ਼ਰ ਸਿੰਘ ਸਹੋਤਾ, ਪਰਮਿੰਦਰ ਸਿੰਘ ਸੰਘੇੜਾ, ਹਰਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਸਮੂਹ ਪੰਜਾਬੀ ਅਤੇ ਅਮੈਰੀਕਨ ਲੋਕਲ ਮੀਡੀਆ ਨੇ ਹਾਜ਼ਰੀ ਭਰੀ।
No comments:
Post a Comment