ਵੈਨਕੂਵਰ,11 ਮਾਰਚ - ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਚ ਪੈਂਦੇ ਓਕ ਬੇ ਪੁਲਿਸ ਵਿਭਾਗ ਵਿਚ ਪਹਿਲੇ ਪੰਜਾਬੀ ਮੂਲ ਦੇ ਪੁਲਿਸ ਅਫਸਰ ਨਾਲ ਨਸਲੀ ਵਿਤਕਰੇ ਦੇ ਦੋਸ਼ਾਂ ਨੂੰ ਲੈ ਕੇ ਆਖਿਰਕਾਰ ਵਿਭਾਗ ਨੇ ਅਦਾਲਤ ਤੋਂ ਬਾਹਰ ਹੀ ਸਮਝੌਤਾ ਕਰਨ ਦਾ ਫੈਸਲਾ ਕੀਤਾ ਹੈ। 15 ਸਾਲ ਤੋਂ ਮਹਿਕਮੇ ਵਿਚ ਸੇਵਾ ਕਰ ਰਹੇ ਕਾਂਸਟੇਬਲ ਦਵਿੰਦਰ ਦਲੀਪ ਨੇ ਬ੍ਰਿਟਿਸ਼ ਕੋਲੰਬੀਆ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਆਪਣੇ ਹੀ ਪੁਲਿਸ ਵਿਭਾਗ ਵਿਚ ਉਸ ਦੇ ਰੰਗ ਨਸਲ ਤੇ ਭਾਸ਼ਾ ਕਾਰਨ ਹੋ ਰਹੇ ਵਿਤਕਰੇ ਕਰਕੇ ਬਣਦੀ ਤਰੱਕੀ ਨਾ ਦਿੱਤੇ ਜਾਣ ਬਾਰੇ ਸ਼ਕਾਇਤ ਦਰਜ ਕਰਵਾਈ ਸੀ। ਉਕ ਬੇ ਪੁਲਿਸ ਦੇ 100 ਸਾਲਾ ਇਤਿਹਾਸ ਵਿਚ ਇਕੋ ਇਕ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਪਿੱਛੇ ਛੱਡ ਕੇ ਗੋਰੇ ਅਫਸਰਾਂ ਨੂੰ ਪੁਲਿਸ ਵਿਚ ਪਹਿਲਾਂ ਤਰੱਕੀ ਦਿੱਤੀ ਗਈ ਤੇ ਉਸ ਦੇ ਸਿੱਖ ਹੋਣ ਤੇ ਪੰਜਾਬੀ ਬੋਲਣ ਬਾਰੇ ਵੀ ਮਹਿਕਮੇ ਵਿਚ ਵਿਤਕਰਾ ਹੋਇਆ। ਇਸ ਦੌਰਾਨ ਸ਼ਹਿਰ ਦੇ ਮੇਅਰ ਤੇ ਪੁਲਿਸ ਵਿਭਾਗ ਦੇ ਚੇਅਰਮੈਨ ਨਿਲਸ ਜੈਨਸਨ ਨੇ ਦੱਸਿਆ ਕਿ ਕਾਂਸਟੇਬਲ ਦਵਿੰਦਰ ਦਲੀਪ ਨਾਲ ਵਿਭਾਗ ਨੇ ਅਦਾਲਤ ਦੇ ਬਾਹਰ ਸਮਝੌਤਾ ਕਰ ਲਿਆ ਹੈ ਤੇ ਇਸ ਮਗਰੋਂ ਅਫਸਰ ਵੱਲੋਂ ਬੀ. ਸੀ. ਮਨੁੱਖੀ ਅਧਿਕਾਰ ਟ੍ਰਿਬਿਊਨਲ ਤੋਂ ਸ਼ਿਕਾਇਤ ਵਾਪਸ ਲੈ ਲਈ ਗਈ ਹੈ। ਪੁਲਿਸ ਚੇਅਰਮੈਨ ਨੇ ਇਸ ਸਮਝੌਤੇ ਦੇ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਮਨੁੱਖੀ ਅਧਿਕਾਰ ਕਾਰਕੁੰਨ ਇਸ ਸਮਝੌਤੇ ਨੂੰ ਨਸਲੀ ਵਿਤਕਰੇ ਖਿਲਾਫ ਇਤਿਹਾਸਕ ਜਿੱਤ ਕਰਾਰ ਦੇ ਰਹੇ ਹਨ।
No comments:
Post a Comment